ਗੁਰਦਾਸਪੁਰ : ਦੀਨਾਨਗਰ ਵਿੱਚ ਕੁਝ ਦਿਨ ਪਹਿਲਾਂ ਐਫ਼.ਸੀ.ਆਈ ਦੇ 1.5 ਕਰੋੜ ਰੁਪਏ ਦੀ ਲਾਗਤ ਦੇ ਚੌਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਟਰੱਕ ਡਰਾਈਵਰਾਂ ਸਮੇਤ 20 ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਕੰਪਨੀ ਦੇ ਠੇਕੇਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਟਰੱਕ ਜੰਮੂ ਕਸ਼ਮੀਰ ਨਹੀਂ ਪੁੱਜੇ। ਪੁਲਿਸ ਨੂੰ ਇਹ ਪਤਾ ਲਗਾ ਕਿ ਟਰੱਕ ਡਰਾਈਵਰ ਚੌਲਾਂ ਨਾਲ ਭਰੇ ਟਰੱਕ ਲੈ ਕੇ ਜ਼ਿਲ੍ਹੇ ਦੇ ਹੀ ਸ਼ਿਵਾ ਗ੍ਰੇਨ ਫੂਡ ਸ਼ੈਲਰ ਪੁੱਜੇ ਸਨ। ਪੁਲਿਸ ਨੇ ਜ਼ਿਲ੍ਹਾ ਫੂਡ ਕੰਟਰੋਲ ਅਧਿਕਾਰੀ ਨਾਲ ਮਿਲ ਕੇ ਇਥੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਇਥੇ ਚੌਲਾਂ ਦੀਆਂ 500 ਤੋਂ ਵੀ ਵੱਧ ਖਾਲੀ ਬੋਰੀਆਂ ਬਰਾਮਦ ਕੀਤੀਆਂ ਗਈਆਂ ਜਿਸ ਵਿੱਚ ਐਫ਼.ਸੀ.ਆਈ ਕੰਪਨੀ ਦੀਆਂ ਕੁਝ ਬੋਰੀਆਂ ਵੀ ਸ਼ਾਮਲ ਸਨ। ਪੁਲਿਸ ਨੇ ਇਸ ਮਾਮਲੇ 'ਚ ਟਰੱਕ ਡਰਾਈਵਰਾਂ ਸਮੇਤ 20 ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਕੀ ਹੈ ਮਾਮਲਾ :
ਕੁਝ ਸਮੇਂ ਪਹਿਲਾਂ ਐਫ.ਸੀ.ਆਈ ਦੇ ਠੇਕੇਦਾਰ ਨੇ ਦੀਨਾਨਗਰ ਦੇ ਗੋਦਾਮ ਤੋਂ ਲਗਭਗ 1.5 ਕਰੋੜ ਦੀ ਲਾਗਤ ਵਾਲੇ ਚੌਲਾਂ ਨੂੰ 12 ਟਰੱਕਾਂ ਵਿੱਚ ਜੰਮੂ ਕਸ਼ਮੀਰ ਦੇ ਬੜਗਾਮ ਲਈ ਰਵਾਨਾ ਕੀਤਾ ਸੀ। ਸਮੇਂ ਸਿਰ ਚੌਲ ਬੜਗਾਮ ਨਹੀਂ ਪੁੱਜਣ ਤੇ ਠੇਕੇਦਾਰ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਦੌਰਾਨ ਰਸਤੇ ਵਿੱਚ ਚੌਲਾਂ ਨੂੰ ਖੁਰਦ ਬੁਰਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਠੇਕੇਦਾਰ ਦਾ ਕਹਿਣਾ ਹੈ ਕਿ ਸ਼ੈਲਰ ਮਾਲਕਾਂ ਅਤੇ ਡਰਾਈਵਰਾਂ ਦੀ ਮਿਲੀਭਗਤ ਕਾਰਨ ਕੰਪਨੀ ਦਾ 1.5 ਕਰੋੜ ਦਾ ਮਾਲ ਚੋਰੀ ਹੋਇਆ ਹੈ। ਠੇਕੇਦਾਰ ਵੱਲੋਂ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।