ਗੁਰਦਾਸਪੁਰ: ਚੰਗੇ ਭਵਿੱਖ ਦੀ ਤਲਾਸ਼ ਅਤੇ ਰੋਜ਼ੀ ਰੋਟੀ ਕਮਾਉਣ ਲਈ ਨੌਜਵਾਨ ਵਿਦੇਸ਼ਾ ਦਾ ਰੁਖ ਕਰਦੇ ਹਨ ਪਰ ਗ਼ਲਤ ਏਜੰਟ ਦੇ ਹੱਥੇ ਚੜ ਆਪਣੀ ਜਿੰਦਗੀ ਖ਼ਤਰੇ ਵਿੱਚ ਪਾਂ ਬੈਠਦੇ ਹਨ।
ਗੁਰਦਾਸਪੁਰ ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਨੌਜਵਾਨ ਮਲਕੀਤ ਸਿੰਘ ਨੇ ਦੁਬਈ ਦੇ ਆਬੂ ਧਾਬੀ ਤੋਂ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰ ਭਾਰਤ ਸਰਕਾਰ ਅਤੇ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਗੁਰਦਾਸਪੁਰ ਦੇ ਇਕ ਏਜੰਟ ਨੇ ਉਸ ਨੂੰ ਧੋਖੇ ਨਾਲ ਆਬੂ ਧਾਬੀ ਵਿਚ ਗ਼ਲਤ ਕੰਮ ਵਿਚ ਫਸਾ ਦਿੱਤਾ ਹੈ। ਉਸਨੇ ਵੀਡੀਓ ਵਿਚ ਕਿਹਾ ਕਿ ਉਹ ਕਾਫੀ ਬਿਮਾਰ ਹੈ ਅਤੇ ਦੁਬਈ ਵਿਚ ਉਸਨੂੰ ਬੰਦੀ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਇਸ ਲਈ ਉਸਨੂੰ ਜਲਦ ਭਾਰਤ ਵਾਪਸ ਬੁਲਾਇਆ ਜਾਵੇ ਅਤੇ ਏਜੰਟ 'ਤੇ ਬਣਦੀ ਕਾਰਵਾਈ ਕੀਤੀ ਜਾਵੇ।
ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੇ ਪਿਤਾ ਸਲਵਿੰਦਰ ਸਿੰਘ ਅਤੇ ਸਮਾਜ ਸੇਵੀ ਨੌਜਵਾਨ ਹਰਪਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ 7 ਮਹੀਨੇ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ। ਇਸਨੂੰ ਗੁਰਦਾਸਪੁਰ ਦੇ ਪਿੰਡ ਛੀਨਾ ਦੇ ਰਹਿਣ ਵਾਲੇ ਏਜੰਟ ਪਾਲਾ ਸਿੰਘ ਨੇ 70 ਹਜ਼ਾਰ ਰੁਪਏ ਲੈਕੇ ਇਸਨੂੰ ਦੁਬਈ ਇਕ ਕੰਪਨੀ ਵਿੱਚ ਭੇਜਣ ਲਈ ਕਿਹਾ ਸੀ ਪਰ ਇਸਨੂੰ ਕਿਸੇ ਠੇਕੇਦਾਰ (ਸਪਲਾਇਰ) ਕੋਲ ਭੇਜ ਦਿੱਤਾ ਜਿਸਨੇ ਉਥੇ ਇਸਨੂੰ ਬੰਦੀ ਬਣਾ ਕੇ ਰੱਖਿਆ ਹੈ ਅਤੇ ਇਸ ਨਾਲ ਰੋਜ਼ਾਨਾ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਹ ਕਾਫੀ ਬਿਮਾਰ ਵੀ ਹੈ ਪਰ 7 ਮਹੀਨੇ ਵਿਚ ਸਿਰਫ 2 ਵਾਰ ਉਸਨੇ 10 -10 ਹਜ਼ਾਰ ਰੁਪਏ ਭੇਜੇ ਹਨ ਉਸਤੋਂ ਬਾਅਦ ਕੋਈ ਪੈਸਾਂ ਨਹੀਂ ਆਇਆ ਜਦ ਉਹ ਏਜੰਟ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸਨੂੰ ਵਾਪਸ ਬਲਾਉਣ ਦਾ 40 ਹਜ਼ਾਰ ਰੁਪਏ ਹੋਰ ਦੇਣੇ ਪੈਣਗੇ ਨਹੀਂ ਤਾਂ ਤੁਸੀਂ ਜਿਸਨੂੰ ਸ਼ਿਕਾਇਤ ਕਰਨੀ ਹੈ ਕਰ ਦੇਵੋ।
ਇਹ ਵੀ ਪੜੋ: ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ
ਪਰਿਵਾਰ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੇ ਮੁੰਡੇ ਨੂੰ ਜਲਦ ਭਾਰਤ ਵਾਪਸ ਬੁਲਾਇਆ ਜਾਵੇ ਕਿਉਂਕਿ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਤਰਸਯੋਗ ਹਨ ਅਤੇ ਉਸਦੇ 2 ਛੋਟੇ ਬੱਚੇ ਹਨ ਜੋ ਕਿ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।