ਬਟਾਲਾ: ਪਿੰਡ ਭਗਵਾਨਪੁਰ ਵਿਖੇ ਐਤਵਾਰ ਨੂੰ ਕਬੱਡੀ ਦੇ ਖਿਡਾਰੀ ਗੁਰਮੇਜ ਸਿੰਘ ਪੱਪੀ ਦਾ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜ ਪੁਲਿਸ ਮੁਲਾਜ਼ਮਾਂ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮ੍ਰਿਤਕ ਗੁਰਮੇਜ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਨੂੰਹ ਕਿਸੇ ਘਰੇਲੂ ਕੰਮ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਜਦੋਂ ਪਿੰਡ ਨਜ਼ਦੀਕ ਪੁੱਜੇ ਤਾਂ ਦੋ ਗੱਡੀਆਂ ਸਾਹਮਣੇ ਤੋਂ ਆ ਰਹੀਆਂ ਸਨ ਜਿਸ ਤੋਂ ਬਾਅਦ ਗੱਡੀਆਂ ਲੰਘਾਉਣ ਨੂੰ ਲੈ ਕੇ ਤਕਰਾਰ ਹੋ ਗਈ। ਇਸ ਤਕਰਾਰ ਦੌਰਾਨ ਮੁਲਜ਼ਮਾਂ ਨੇ ਗੁਰਮੇਜ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ। ਜ਼ਖਮੀ ਹਾਲਤ ਵਿੱਚ ਗੁਰਮੇਲ ਸਿੰਘ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ।
ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਪੀ ਜਗਬਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਇਨ੍ਹਾਂ ਛੇ ਮੁਲਜ਼ਮਾਂ ਵਿੱਚੋਂ ਪੰਜ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਅਤੇ ਇੱਕ ਸਿਵਲ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਛੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸਪੀ ਨੇ ਦੱਸਿਆ ਵਾਰਦਾਤ 'ਚ ਵਰਤਿਆ ਅਸਲਾ ਅਤੇ ਵਾਹਨ ਬਰਾਮਦ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਫੜ੍ਹੇ ਗਏ ਮੁਲਜ਼ਮਾਂ ਵਿੱਚ ਪੰਜਾਬ ਹੋਮ ਗਾਰਡ ਦਾ ਜਵਾਨ ਬਲਕਾਰ ਸਿੰਘ, ਪੰਜਾਬ ਪੁਲਿਸ ਦਾ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ, ਹੋਮ ਗਾਰਡ ਦਾ ਜਵਾਨ ਅਵਤਾਰ ਸਿੰਘ, ਹੋਮ ਗਾਰਡ ਦਾ ਜਵਾਨ ਸੁਰਿੰਦਰ ਸਿੰਘ, ਪੰਜਾਬ ਪੁਲਿਸ ਦਾ ਸਹਾਇਕ ਸਬ-ਇਨਸਪੈਕਟਰ ਬਲਜੀਤ ਸਿੰਘ ਅਤੇ ਇੱਕ ਸਧਾਰਨ ਵਿਅਕਤੀ ਸਿਮਰਤ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ: ਐਸਐਫਜੇ ਦੇ ਪੰਜਾਬ ਬੰਦ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ