ਗੁਰਦਾਸਪੁਰ: ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲ੍ਹਣ ਦੇ ਇੱਕ ਸਾਲ ਪੂਰਾ ਹੋਣ 'ਤੇ ਸੋਮਵਾਰ ਦਲ ਖ਼ਾਲਸਾ ਅਤੇ ਅਕਾਲ ਫ਼ੈਡਰੇਸ਼ਨ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਅੱਗੇ ਅਰਦਾਸ ਸਮਾਗਮ ਕਰਵਾਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸਿੱਖ ਪੰਥਕ ਆਗੂਆਂ ਨੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਅਤੇ ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹੇ ਜਾਣ ਦੀ ਅਪੀਲ ਕੀਤੀ।
ਅਰਦਾਸ ਉਪਰੰਤ ਗੱਲਬਾਤ ਦੌਰਾਨ ਸਿੱਖ ਪੰਥਕ ਆਗੂਆਂ ਨੇ ਦੱਸਿਆ ਕਿ ਇਹ ਅਰਦਾਸ ਸਮਾਗਮ ਕਰਤਾਰਪੁਰ ਸਾਹਿਬ ਲਾਂਘੇ ਦੇ ਇੱਕ ਸਾਲ ਪੂਰਾ ਹੋਣ ਦੀ ਖ਼ੁਸ਼ੀ ਵਿੱਚ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਦੋਵਾਂ ਸਰਕਾਰ ਨੇ ਪਿਛਲੇ ਸਾਲ ਇਸੇ ਸਮੇਂ ਦੌਰਾਨ ਲਾਂਘਾ ਖੋਲ੍ਹਿਆ ਪਰ ਸੰਗਤਾਂ ਨੂੰ ਇਸ ਦਾ ਲਾਹਾ ਸਿਰਫ਼ ਛੇ ਮਹੀਨੇ ਹੀ ਰਿਹਾ ਅਤੇ ਫਿਰ ਕੋਰੋਨਾ ਮਹਾਂਮਾਰੀ ਕਾਰਨ ਲਾਂਘਾ ਬੰਦ ਹੋ ਗਿਆ।
ਆਗੂਆਂ ਨੇ ਕਿਹਾ ਕਿ ਇਹ ਲਾਂਘਾ ਸਿੱਖ ਸੰਗਤਾਂ ਨੂੰ ਸਾਲਾਂਬੱਧੀ ਅਰਦਾਸਾਂ ਉਪਰੰਤ ਮਿਲਿਆ ਹੈ ਅਤੇ ਹੁਣ ਇਹ ਲੌਕਡਾਊਨ ਕਾਰਨ ਮਾਰਚ ਮਹੀਨੇ ਤੋਂ ਬੰਦ ਹੈ, ਜਿਸ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਸਿੱਖ ਸੰਗਤਾਂ ਦੁਬਾਰਾ ਗੁਰੂਦਵਾਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਪੰਥਕ ਦਲਾਂ ਦੇ ਆਗੂਆਂ ਨੇ ਮੰਗ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਸਰਕਾਰ ਨੇ ਰਾਹ ਖੋਲ੍ਹਣ ਦਾ ਐਲਾਨ ਕੀਤਾ ਹੈ ਉਸੇ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਸਿੱਖ ਸੰਗਤਾਂ ਦੀ ਸ਼ਰਧਾ ਅਤੇ ਮੰਗ ਨੂੰ ਵੇਖਦੇ ਹੋਏ ਲਾਂਘੇ ਨੂੰ ਖੋਲ੍ਹਣਾ ਚਾਹੀਦਾ ਹੈ।