ਦੀਨਾਨਗਰ: ਨਹਿਰੀ ਮਹਿਕਮੇ ਦੇ ਮੁਲਾਜ਼ਮਾਂ ਦੀ ਅਣਗਿਹਲੀ ਉਸ ਵੇਲੇ ਸਾਹਮਣੇ ਆਈ ਜਦੋਂ ਸੂਏ ਵਿੱਚ ਵੱਧ ਪਾਣੀ ਛੱਡਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ। ਦੀਨਾਨਗਰ ਦੇ ਡੀਏਵੀ ਸਕੂਲ ਦੇ ਨਜ਼ਦੀਕ ਸੂਏ ਦੇ ਨਾਲ ਲੱਗਦੇ ਘਰਾਂ ਵਿੱਚ ਲੱਕ-ਲੱਕ ਤੱਕ ਪਾਣੀ ਭਰ ਗਿਆ ਹੈ। ਇਸ ਕਾਰਨ ਕਈ ਘਰਾਂ ਦਾ ਸਮਾਨ ਰੁੜ੍ਹ ਗਿਆ ਅਤੇ ਇੱਕ ਘਰ ਦੀ ਕੰਧ ਡਿੱਗ ਪਈ।
ਪੀੜਤ ਪਰਿਵਾਰਾਂ ਨੇ ਦੱਸਿਆ ਕਿ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਜਾ ਵੜਿਆ ਅਤੇ ਉਨ੍ਹਾਂ ਨੂੰ ਸਾਰੀ ਰਾਤ ਆਪਣੇ ਘਰਾਂ ਦੀਆਂ ਛੱਤਾਂ ਉਪਰ ਬੈਠ ਕੇ ਕੱਟਣੀ ਪਈ। ਪਾਣੀ ਦਾ ਵਹਾ ਇਨ੍ਹਾਂ ਜਿਆਦਾ ਸੀ ਕਿ ਇੱਕ ਘਰ ਦੀ ਕੰਧ ਵੀ ਡਿੱਗ ਪਈ।
ਇਸ ਮੌਕੇ ਤੇ ਪੀੜਤ ਪਰਿਵਾਰਾਂ ਨੇ ਕਿਹਾ ਕਿ ਬੀਤੀ ਰਾਤ ਨਹਿਰ 'ਚ ਪਾਣੀ ਤੇਜ ਹੋਣ ਕਾਰਨ ਪਾਣੀ ਓਵਰ ਫਲੋ ਹੋ ਗਿਅ। ਇਸ ਕਾਰਨ ਪਾਣੀ ਸਾਡੇ ਘਰਾਂ ਦੇ ਅੰਦਰ ਆ ਵੜਿਆ ਅਤੇ ਉਨ੍ਹਾਂ ਦੇ ਘਰਾਂ ਦਾ ਕੱਪੜਾ ਲੀੜਾ ਅਤੇ ਭਾਂਡੇ ਤੱਕ ਰੁੜ੍ਹ ਗਏ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਉੱਤੇ ਵਿਭਾਗੀ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਜਦੋਂ ਐਸਡੀਐਮ ਰਮਨ ਕੋਛੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਮੇਰੇ ਧਿਆਨ ਹੁਣੇ ਹੀ ਇਹ ਮਾਮਲਾ ਆਇਆ ਹੈ। ਇਸ ਕਰਕੇ ਸਬੰਧਤ ਮਹਿਕਮੇ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਇਸ 'ਤੇ ਜਲਦ ਹੀ ਕਾਰਵਾਈ ਸ਼ੁਰੂ ਹੋ ਜਾਵੇਗੀ।