ਗੁਰਦਾਸਪੁਰ: ਪਿੰਡ ਝੋਰ 'ਚ ਭੱਠੇ 'ਤੇ ਪੁੱਟੇ ਗਏ ਟੋਏ ਵਿੱਚ ਮਾਵਾਂ-ਧੀਆਂ ਦੇ ਡਿੱਗਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਉਮਰ 6 ਸਾਲ ਹੈ ਤੇ ਮਾਂ ਦੀ ਉਮਰ 22 ਸਾਲ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਦੋਵੇਂ ਮਾਵਾਂ-ਧੀਆਂ ਕਿਸੇ ਕੰਮ ਤੋਂ ਬਾਹਰ ਗਈਆਂ ਸਨ ਜਦੋਂ ਉਹ ਭੱਠੇ ਕੋਲ ਪਹੁੰਚੀਆਂ ਤਾਂ 6 ਸਾਲ ਦੀ ਬੱਚੀ ਦਾ ਟੋਏ 'ਚ ਪੈਰ ਫਿਸਲ ਗਿਆ ਜਿਸ ਮਗਰੋਂ ਉਸ ਨੂੰ ਬਚਾਉਣ ਲਈ ਉਸ ਦੀ ਮਾਂ ਨੇ ਵੀ ਟੋਏ 'ਚ ਛਲਾਂਗ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਟੋਏ 'ਚ ਜ਼ਿਆਦਾ ਪਾਣੀ ਹੋਣ ਕਾਰਨ ਮਾਵਾਂ-ਧੀਆਂ ਦੋਵੇਂ ਗੋਤਾ ਨਹੀਂ ਮਾਰ ਸਕੀਆਂ। ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਭੱਠੇ ਵਾਲਿਆਂ ਨੇ ਜੇਸੀਬੀ ਦੇ ਨਾਲ ਭੱਠੇ 'ਤੇ ਟੋਇਆ ਪੁੱਟਿਆ ਸੀ ਜਿਸ 'ਚ ਮੀਂਹ ਪੈਣ ਨਾਲ ਪਾਣੀ ਜਮ੍ਹਾ ਹੋ ਗਿਆ।
ਸਬ ਇੰਸਪੈਕਟਰ ਪਰਲਾਹਦ ਸਿੰਘ ਨੇ ਦੱਸਿਆ ਕਿ ਜਦੋਂ ਮਾਵਾਂ-ਧੀਆਂ ਦੇ ਟੋਏ ਵਿੱਚ ਡਿੱਗਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਦੋਹਾਂ ਨੂੰ ਬਾਹਰ ਕੱਢਿਆ ਤੇ ਗੁਰਦਾਸਪੁਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ। ਇਸ ਦੌਰਾਨ ਹਸਪਤਾਲ ਵਿੱਚ ਦੋਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਔਰਤ ਦਾ ਨਾਂਅ ਪੱਲਵੀ ਹੈ ਤੇ ਬੱਚੀ ਦਾ ਨਾਂਅ ਮੁਸਕਾਨ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਰੂਪਨਗਰ: ਸਵਾੜਾ ਦੇ ਇੱਕ ਫਾਰਮ 'ਚ ਤਿੰਨ ਵਿਅਕਤੀਆਂ ਦਾ ਕਤਲ