ਗੁਰਦਾਸਪੁਰ: ਸਰਕਾਰ ਅਤੇ ਸਥਾਨਕ ਖੇਤੀਬਾੜੀ ਵਿਭਾਗ ਵੱਲੋਂ ਹਰੇਕ ਤਰੀਕੇ ਨਾਲ ਕਿਸਾਨਾਂ ਨੂੰ ਖੇਤਾਂ 'ਚ ਅੱਗ ਨਾ ਲਾਉਣ ਦੀ ਅਪੀਲ ਕੀਤੀ ਜਾ ਰਹੀ ਸੀ। ਜ਼ਿਲ੍ਹਾ ਗੁਰਦਾਸਪੁਰ ਵਿਖੇ ਖੇਤਾਂ ਨੂੰ ਅੱਗ ਲਾਉਣ ਦੇ ਮਾਮਲੇ ਦਿਨੋ-ਦਿਨ ਵਧਦੇ ਹੀ ਜਾ ਰਹੇ ਹਨ। ਇਸ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਖੇਤੀਬਾੜੀ ਵਿਭਾਗ ਵੀ ਸਖ਼ਤ ਹੁੰਦਾ ਨਜ਼ਰ ਆ ਰਿਹਾ ਹੈ।
ਇਸ ਦੇ ਤਹਿਤ ਖੇਤੀਬਾੜੀ ਵਿਭਾਗ ਨੇ ਅਪਣੇ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਲਾਉਂਦੇ ਪਾਏ ਜਾਣ ਵਾਲੇ ਕਿਸਾਨਾਂ ਦੇ ਮੌਕੇ 'ਤੇ ਹੀ ਟਿਊਬਵੈੱਲ ਕੁਨੈਕਸ਼ਨ ਕੱਟਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੇ ਪਟਵਾਰੀ ਵੱਲੋਂ ਰਿਪੋਰਟ ਕੀਤੇ ਜਾਣ 'ਤੇ ਸਬੰਧਿਤ ਠਾਣੇ ਦੀ ਪੁਲਿਸ ਵੱਲੋਂ ਦੋਸ਼ੀ ਕਿਸਾਨ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਵੱਲੋਂ ਉਸ ਕਿਸਾਨ ਦਾ ਨਾਮ ਬਲੈਕ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ, ਜਿਸ ਨਾਲ ਉਸ ਕਿਸਾਨ ਨੂੰ ਮਿਲਣ ਵਾਲੇ ਸਾਰੇ ਲਾਭ ਆਪਣੇ ਆਪ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ: ਚੱਕਰਵਾਤ ਅਮਫ਼ਾਨ ਦੀ ਚਪੇਟ 'ਚ ਬੰਗਾਲ, ਓਡੀਸ਼ਾ ਤੇ ਬੰਗਲਾਦੇਸ਼, 12 ਮੌਤਾਂ, ਰਾਹਤ ਕਾਰਜ ਜਾਰੀ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕੌਮੀ ਹਰਿਆਵਲ ਕਮੇਟੀ (ਨੈਸ਼ਨਲ ਗ੍ਰਿਨ ਟਰਬਿਊਨਲ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਮੁਤਾਬਕ ਖੇਤਾਂ ਅੰਦਰ ਕਣਕ ਦੇ ਨਾੜ ਨੂੰ ਅੱਗ ਲਾਉਣ ਨੂੰ ਜੁਰਮ ਦੀ ਸ਼੍ਰੇਣੀ ਵਿੱਚ ਸ਼ੁਮਾਰ ਕੀਤਾ ਜਾ ਚੁੱਕਾ ਹੈ। ਕਿਉਂਕਿ ਇਸ ਦੇ ਧੂੰਏਂ ਨਾਲ ਨਾ ਸਿਰਫ ਇਨਸਾਨੀ ਸਰੀਰ ਨੂੰ ਭਿਆਨਕ ਬਿਮਾਰੀਆਂ ਲਗਦੀਆਂ ਹਨ ਸਗੋਂ ਖੇਤਾਂ ਵਿਖੇ ਲੱਗੀ ਅੱਗ ਨਾਲ ਜ਼ਮੀਨ ਅੰਦਰਲੇ ਪੌਸ਼ਟਿਕ ਤੱਤ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜੋ ਨਵੀਂ ਫਸਲ ਦੀ ਪੈਦਾਵਾਰ ਲਈ ਸਹਾਈ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਮੁੱਖ ਆਫਿਸ ਤੋਂ ਸੈਟੇਲਾਈਟ ਦੇ ਜ਼ਰੀਏ ਪੂਰੇ ਸੂਬੇ 'ਤੇ ਅਸਮਾਨ ਵਿੱਚੋਂ ਨਜ਼ਰ ਰੱਖੀ ਜਾਂਦੀ ਹੈ ਅਤੇ ਸੂਬੇ ਅੰਦਰ ਕਿਸੇ ਵੀ ਜਗ੍ਹਾ ਖੇਤ 'ਚ ਅੱਗ ਲਾਏ ਜਾਣ 'ਤੇ ਉਸ ਦੀ ਲਾਈਵ ਲੋਕੇਸ਼ਨ ਅਤੇ ਤਸਵੀਰਾਂ ਸਬੰਧਿਤ ਖੇਤੀਬਾੜੀ ਆਫਿਸ ਵਿਖੇ ਪਹੁੰਚ ਜਾਂਦੀਆਂ ਹਨ।