ਬਟਾਲਾ: ਦਿਨੋਂ ਦਿਨ ਖੇਤੀ ਦੇ ਕਿੱਤੇ ਤੋਂ ਕਿਸਾਨਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਇਸੇ ਦੌਰਾਨ ਕੁਝ ਕਿਸਾਨ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਕਿਸਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਲੱਖਣ ਕਲਾਂ ਦਾ ਬਲਬੀਰ ਸਿੰਘ ਕਾਹਲੋਂ ਹੈ। ਬਲਬੀਰ ਸਿੰਘ ਕਾਹਲੋਂ ਨੇ ਇੰਟਰਨੈੱਟ ਅਤੇ ਹੋਰ ਤਕਨੀਕਾਂ ਤੋਂ ਮਦਦ ਲੈਂਦੇ ਹੋਏ ਝੋਨਾ ਬੀਜਣ ਦੀ ਨਵੀਂ ਤਕਨੀਕ ਅਪਣਾਈ ਹੈ। ਬਲਬੀਰ ਸਿੰਘ ਨੇ ਆਪਣੀ 3 ਏਕੜ ਪੈਲੀ ਵਿੱਚ ਇਸ ਵਾਰ ਵੱਟਾਂ 'ਤੇ ਝੋਨਾ ਬੀਜਿਆ ਹੈ।
ਆਪਣੇ ਇਸ ਤਜ਼ਰਬੇ ਬਾਰੇ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਟਰਨੈੱਟ ਦੇ ਜ਼ਰੀਏ ਵੱਟਾਂ 'ਤੇ ਝੋਨਾ ਬੀਜਣ ਦੀ ਤਕਨੀਕ ਬਾਰੇ ਪਤਾ ਲੱਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ਅਤੇ ਖੇਤੀਬਾੜੀ ਵਿਭਾਗ ਤੋਂ ਇਸ ਦੀ ਵਧੇਰੇ ਜਾਣਕਾਰੀ ਲੈ ਕੇ ਇਸ ਵਾਰ 3 ਏਕੜ ਪੈਲੀ ਵਿੱਚ ਵੱਟਾਂ 'ਤੇ ਝੋਨਾ ਬੀਜਣ ਦਾ ਤਜ਼ਰਬਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਵੱਟਾਂ 'ਤੇ ਝੋਨਾ ਬੀਜਣ ਦੇ ਬਹੁਤ ਲਾਭ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਲਾਭ ਪਾਣੀ ਦੀ ਲਾਗਤ ਦਾ 50 ਫੀਸਦੀ ਤੱਕ ਘੱਟ ਹੋ ਜਾਣਾ ਹੈ। ਉਨਾਂ ਦੱਸਿਆ ਕਿ ਇਸ ਵਿਧੀ ਰਾਹੀਂ ਝੋਨੇ ਦੀ ਬਿਜਾਈ ਦੌਰਾਨ ਘੱਟ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਮੁਤਾਬਿਕ ਇਸ ਢੰਗ ਦੁਆਰਾ ਕੀਤੀ ਬਿਜਾਈ ਨਾਲ ਝਾੜ ਵੀ ਚੰਗਾ ਆਉਣ ਦੀ ਉਮੀਦ ਹੈ। ਕਿਸਾਨ ਬਲਬੀਰ ਸਿੰਘ ਨੇ ਆਖਿਆ ਕਿ ਆਉਣ ਵਾਲੇ ਸਾਲ 'ਚ ਉਹ ਇਸੇ ਹੀ ਤਕਨੀਕ ਨਾਲ ਆਪਣੀ ਪੂਰੀ ਫ਼ਸਲ ਦੀ ਬਿਜਾਈ ਕਰਨਗੇ ।
ਉਥੇ ਹੀ ਖੇਤੀਬਾੜੀ ਵਿਭਾਗ ਦੇ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਜ਼ਮੀਨ ਹੇਠਲੇ ਪਾਣੀ ਦੀ ਬਚਤ ਕਰਨ ਦੀ ਲੋੜ ਹੈ। ਇਸ ਲਈ ਉਨ੍ਹਾਂ ਦਾ ਵਿਭਾਗ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਕਿਸਾਨ ਝੋਨਾ ਬੀਜਣ ਲਈ ਨਵੀਂ ਤਕਨੀਕਾਂ ਅਪਣਾਉਣ। ਉਨਾਂ ਦੱਸਿਆ ਕਿ ਕਿਸਾਨ ਬਲਬੀਰ ਸਿੰਘ ਨੇ ਵੱਟਾਂ 'ਤੇ ਝੋਨੇ ਦੀ ਬਿਜਾਈ ਦੀ ਜੋ ਤਕਨੀਕ ਅਪਣਾਈ ਹੈ ਵਧੀਆ ਤਕਨੀਕ ਹੈ। ਉਨ੍ਹਾਂ ਕਿਹਾ ਇਸ ਤਕਨੀਕ ਤੋਂ ਅਪਣਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਸਹੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।
ਬਲਬੀਰ ਸਿੰਘ ਵੱਲੋਂ ਵੱਟਾਂ 'ਤੇ ਝੋਨਾ ਬੀਜਣ ਦੀ ਚਰਚਾ ਸਾਰੇ ਇਲਾਕੇ ਦੇ ਕਿਸਾਨਾਂ ਵਿੱਚ ਹੈ। ਇਸੇ ਕਾਰਨ ਹੀ ਇਲਾਕੇ ਦੇ ਕਿਸਾਨ ਬਲਬੀਰ ਸਿੰਘ ਦੇ ਖੇਤ ਵਿੱਚ ਆ ਕੇ ਵੱਟਾਂ 'ਤੇ ਝੋਨਾ ਬੀਜਣ ਦੀ ਵਿਧੀ ਬਾਰੇ ਜਾਣਕਾਰੀ ਹਾਲਸ ਕਰ ਰਹੇ ਹਨ। ਝੋਨਾ ਵੇਖਣ ਲਈ ਆਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਲਬੀਰ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ, ਜਿਸ ਨਾਲ ਉਨ੍ਹਾਂ ਵੀ ਵੱਟਾਂ 'ਤੇ ਝੋਨਾ ਬੀਜਣ ਲਈ ਹੱਲਾਸ਼ੇਰੀ ਮਿਲੀ ਹੈ।