ਗੁਰਦਾਸਪੁਰ: ਅਮਰੀਕਾ ਦੇ ਕਿੰਗਜ ਰਿਵਰ ਵਿੱਚ ਡੁੱਬ ਰਹੇ ਬੱਚਿਆਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਾਉਣ ਵਾਲੇ ਪਿੰਡ ਛੀਨਾ ਰੇਲਵਾਲਾ ਦਾ ਰਹਿਣ ਵਾਲਾ 29 ਸਾਲਾ ਨੌਜਵਾਨ ਮਨਜੀਤ ਸਿੰਘ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ।
ਮਨਜੀਤ ਸਿੰਘ ਦੀ ਪਿਛਲੇ ਦਿਨੀਂ ਅਮਰੀਕਾ ਕਿੰਗਜ ਰਿਵਰ ਵਿੱਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਂਦੇ ਸਮੇਂ ਮੌਤ ਹੋ ਗਈ ਸੀ। ਮਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਬੀਤੇ ਕੱਲ ਭਾਰਤ ਲਿਆਇਆ ਗਿਆ ਸੀ ਅਤੇ ਦੇਰ ਰਾਤ ਉਸ ਦੇ ਪਿੰਡ ਪਹੁੰਚਾਈ ਗਈ ਸੀ।
ਮਨਜੀਤ ਸਿੰਘ ਦੇ ਅੰਤਿਮ ਸਸਕਾਰ ਵਿੱਚ ਕਈ ਲੋਕ ਸ਼ਾਮਲ ਹੋਏ। ਇਸ ਦੌਰਾਨ ਮਨਜੀਤ ਸਿੰਘ ਦੇ ਪਰਿਵਾਰ ਅਤੇ ਦੋਸਤਾਂ ਨੇ ਕਿਹਾ ਕਿ ਮਨਜੀਤ ਦੇ ਜਾਣ ਦੀ ਕਮੀ ਪੁਰੀ ਨਹੀਂ ਹੋ ਸਕਦੀ, ਪਰ ਉਹ ਜਾਂਦੇ ਹੋਏ ਅਜਿਹਾ ਕੰਮ ਕਰ ਗਿਆ ਜੋ ਇੱਕ ਮਿਸਾਲ ਹੋਵੇਗੀ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਕਿਹਾ ਦੀ ਵਿਦੇਸ਼ ਦੀ ਧਰਤੀ ਉੱਤੇ ਇਹ ਮੰਗ ਉਠ ਰਹੀ ਹੈ ਕਿ ਮਨਜੀਤ ਦੀ ਯਾਦਗਾਰ ਵੀ ਬਣਾਈ ਜਾਵੇ। ਮਨਜੀਤ ਦੇ ਪਿਤਾ ਨੇ ਕਿਹਾ ਕਿ ਸੁਪਨੇ ਬਹੁਤ ਸਨ, ਪਰ ਸਭ ਖ਼ਤਮ ਹੋ ਗਿਆ। ਉੱਥੇ ਹੀ ਪਿਤਾ ਨੂੰ ਆਪਣੇ ਪੁੱਤ 'ਤੇ ਮਾਨ ਵੀ ਹੈ। ਪਿੰਡ ਦੀ ਪੰਚਾਇਤ ਨੇ ਮਨਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਅਤੇ ਪੂਰੇ ਆਦਰ ਦੇ ਨਾਲ ਲੋਕਾਂ ਵੱਲੋਂ ਮਨਜੀਤ ਨੂੰ ਆਖਰੀ ਵਿਦਾਈ ਦਿੱਤੀ ਗਈ।