ਬਟਾਲਾ: ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਧੀ ਮਨਪ੍ਰੀਤ ਕੌਰ ਨੇ ਆਪਣੇ ਸਹੁਰੇ ਪਰਿਵਾਰ 'ਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ, ਮਾਰ-ਕੁਟਾਈ ਕਰਨ, ਘਰੋਂ ਕੱਢਣ ਅਤੇ ਦਾਜ 'ਚ ਬੀਐਮਡਬਲਯੂ ਕਾਰ ਲਿਆਉਣ ਦੇ ਨਾਲ-ਨਾਲ ਨਕਦ ਰਾਸ਼ੀ ਦੀ ਮੰਗ ਤੋਂ ਇਲਾਵਾ ਇੱਕ ਸਾਜ਼ਿਸ਼ ਤਹਿਤ ਗਲਤ ਦਵਾਈ ਦੇ ਕੇ ਉਸ ਦਾ ਗਰਭਪਾਤ ਕਰਾਉਣ ਦਾ ਦੋਸ਼ ਲਾਇਆ ਹੈ।
ਪਤਨੀ ਨੇ ਦੱਸੀ ਆਪਣੇ ਇੰਸਪੈਕਟਰ ਪਤੀ ਦੀ ਕਰਤੂਤ
ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2 ਫਰਵਰੀ 2018 ਨੂੰ ਮੋਗਾ ਦੇ ਜਤਿੰਦਰ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਜਤਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਇੱਕ ਪੁਲਿਸ ਇੰਸਪੈਕਟਰ ਹੈ। ਉਸਦਾ ਪਤੀ ਕਹਿੰਦਾ ਹੈ ਕਿ ਜੇ ਤੁਹਾਡੇ ਪਿਤਾ ਵਿਧਾਇਕ ਹਨ, ਤਾਂ ਮੈਂ ਇੰਸਪੈਕਟਰ ਹਾਂ। ਮੇਰਾ ਵੀ ਇੱਕ ਰੁਤਬਾ ਹੈ।
ਬੀਐਮਡਬਲਯੂ ਕਾਰ ਦੀ ਮੰਗ
ਮਨਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਵਿਧਾਇਕ ਪਿਤਾ ਨੇ ਵਿਆਹ ਵਿੱਚ ਸਹੁਰੇ ਪਰਿਵਾਰ ਨੂੰ ਕਾਫੀ ਦਾਜ ਦਿੱਤਾ। ਮਨਪ੍ਰੀਤ ਨੇ ਦੱਸਿਆ ਕਿ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਉਸ ਦਾ ਪਤੀ ਅਤੇ ਸੱਸ ਦਾਜ ਵਿੱਚ ਬੀਐਮਡਬਲਯੂ ਕਾਰ ਦੀ ਵੀ ਮੰਗ ਕਰਨ ਲਗੇ। ਮੰਗ ਪੂਰੀ ਨਾ ਕਰਨ 'ਤੇ ਸਹੁਰੇ ਪਰਿਵਾਰ ਨੇ ਉਸ 'ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ।
ਇੰਸਪੈਕਟਰ ਪਤੀ ਸਮੇਤ ਸਹੁਰੇ ਪਰਿਵਾਰ 'ਤੇ ਮਾਮਲਾ ਦਰਜ
ਇਸ ਸਾਰੇ ਕੇਸ ਦੀ ਜਾਂਚ ਲਖਬੀਰ ਸਿੰਘ ਪੀਪੀਐਸ ਉਪ ਕਪਤਾਨ ਸ੍ਰੀ ਹਰਗੋਬਿੰਦਪੁਰ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਐਸਐਸਪੀ ਰਛਪਾਲ ਸਿੰਘ ਬਟਾਲਾ ਦੇ ਹੁਕਮਾਂ 'ਤੇ ਮਨਪ੍ਰੀਤ ਦੇ ਪਤੀ ਇੰਸਪੈਕਟਰ ਜਤਿੰਦਰ ਸਿੰਘ ਸਮੇਤ ਸਹੁਰੇ ਪਰਿਵਾਰ 'ਤੇ ਧਾਰਾ 498 ਏ, 406, 313, 506 ਅਤੇ 120 ਬੀ ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।