ਗੁਰਦਾਸਪੁਰ: ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਮਲੂਕਵਾਲੀ ਵਿਖੇ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਣ ਦੀ ਖ਼ਬਰ ਹੈ। ਇਸ ਦੌਰਾਨ ਦੋਹਾਂ ਧਿਰਾਂ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਨੂੰ ਆਪਣੀ ਬਿਰਾਦਰੀ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ।
ਸਥਾਨਕ ਲੋਕਾਂ ਨੇ ਦੱਸਿਆ ਪਿੰਡ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ, ਜੋ ਕਿ ਗ਼ਲਤ ਹੈ। ਪਿੰਡ ਵਿੱਚ ਦੋ ਗੁਰਦੁਆਰੇ ਹੋਣ ਦੀ ਬਜਾਏ ਇੱਕੋ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ ਤਾਂ ਜੋ ਸਾਧ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਉਂਦੀ ਰਹੇ ਤੇ ਗੁਰੂਘਰ ਨਾਲ ਜੁੜੀ ਰਹੇ। ਪਿੰਡ ਦੇ ਦੋ ਵੱਖ-ਵੱਖ ਭਾਈਚਾਰੇ ਵੱਲੋਂ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਜਿਥੇ ਇੱਕ ਧਿਰ ਵੱਲੋਂ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਦੇ ਕੰਮ ਉੱਤੇ ਰੋਕ ਲਾਉਣ ਦੇ ਦੋਸ਼ ਲਾਏ ਗਏ ਹਨ,ਉਥੇ ਹੀ ਦੂਜੇ ਪਾਸੇ ਦੂਜੀ ਧਿਰ ਵੱਲੋਂ ਵਿਰੋਧ ਪੱਖ 'ਤੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਕੁੱਝ ਪਿੰਡਵਾਸੀਆਂ ਦਾ ਕਹਿਣਾ ਹੈ ਕਿ ਧਰਮ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਇਸ ਲਈ ਪਿੰਡ ਵਿੱਚ ਨਵੇਂ ਜਾਂ ਵੱਖ-ਵੱਖ ਜਾਤ ਅਧਾਰਤ ਭਾਈਚਾਰੇ ਦੇ ਨਾਂਅ 'ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ ਹੋਣੀ ਚਾਹੀਦੀ ਹੈ। ਪਿੰਡ ਦੇ ਅੰਦਰ ਕਰੀਬ 80 ਘਰ ਹਨ ਤੇ ਪਿੰਡ 'ਚ ਸਥਿਤ ਗੁਰਦੁਆਰਾ ਸਾਹਿਬ ਤਿੰਨ ਦਹਾਇਕਾਂ ਤੋਂ ਇਥੇ ਸਥਿਤ ਹੈ, ਇਸ ਲਈ ਨਵਾਂ ਗੁਰਦੁਆਰਾ ਸਾਹਿਬ ਬਣਾਉਣ ਦੀ ਲੋੜ ਨਹੀਂ ਹੈ। ਸੰਗਤਾਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਕਰਵਾ ਕੇ ਇਸ ਦਾ ਨਾਂਅ ਗੁਰਦੁਆਰਾ ਸਿੰਘ ਸਭਾ ਰੱਖਿਆ ਜਾਵੇ ਤਾਂ ਜੋ ਪਿੰਡਵਾਸੀ ਆਪਸੀ ਪਿਆਰ ਤੇ ਭਾਈਚਾਰੇ ਨਾਲ ਰਹਿ ਸਕਣ।