ਬਟਾਲਾ: ਬੀਜ ਘੁਟਾਲੇ ਦਾ ਮੁੱਦਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਦਿਆਂ ਬੀਜ ਕੰਪਨੀ ਮਾਲਕ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫੇ ਦੀ ਮੰਗ ਕੀਤੀ।
ਜਾਣਕਾਰੀ ਦਿੰਦਿਆਂ ਗੁਰਦਾਸਪੁਰ ਤੋਂ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਬੀਜ ਘੁਟਾਲਾ ਜਿੱਥੇ ਇੱਕ ਪਾਸੇ ਸਰਕਾਰੀ ਨੁਮਾਇੰਦੇ ਮਿਲੀ ਭੁਗਤ ਕਰ ਪੈਸੇ ਕਮਾਉਣ ਦੀ ਕਹਾਣੀ ਬਣਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸ ਘੁਟਾਲੇ ਕਾਰਨ ਸਾਰੇ ਕਿਸਾਨਾਂ ਨੂੰ ਵੀ ਫ਼ਸਲ ਵੇਚਣ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਇਸ ਦੇ ਨਾਲ ਹੀ ਬੱਬੇਹਾਲੀ ਨੇ ਤਿੱਖੇ ਲਫ਼ਜ਼ਾਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਵੈਸੇ ਵੀ ਸੁੱਖੀ ਰੰਧਾਵਾ ਸਮੇਂ-ਸਮੇਂ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਆਨ ਬਾਜ਼ੀ ਕਰਦੇ ਰਹਿੰਦੇ ਹਨ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਮੌਕਾ ਹੈ ਅਤੇ ਉਨ੍ਹਾਂ ਨੂੰ ਇਸ ਮੌਕੇ ਦਾ ਇਸਤੇਮਾਲ ਕਰਦਿਆਂ ਮੰਤਰੀ ਰੰਧਾਵਾ ਕੋਲੋਂ ਅਸਤੀਫ਼ੇ ਦੀ ਮੰਗ ਕਰਨੀ ਚਾਹੀਦੀ ਹੈ।
ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਬੀਜ ਫੈਕਟਰੀ ਮਾਲਕ ਅਤੇ ਮੰਤਰੀ ਰੰਧਾਵਾ ਦੇ ਨਾਲ ਨਾਲ ਮੌਜੂਦਾ ਪੰਜਾਬ ਸਰਕਾਰ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹਰੇਕ ਪੱਧਰ 'ਤੇ ਫ਼ੇਲ ਹੁੰਦੀ ਵਿਖਾਈ ਦੇ ਰਹੀ ਹੈ। ਉਹ ਭਾਵੇਂ ਨਜਾਇਜ਼ ਮਾਈਨਿੰਗ ਦਾ ਮੁੱਦਾ ਹੋਵੇ ਜਾ ਫਿਰ ਸੂਬੇ ਵਿੱਚ ਰਾਸ਼ਨ ਵੰਡਣ ਦਾ ਮਾਮਲਾ ਹੋਵੇ। ਉਨ੍ਹਾਂ ਕਿਹਾ ਕਿ ਬੀਜ ਘੁਟਾਲੇ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਕਿਸਾਨਾਂ ਨੂੰ ਹੋਵੇਗਾ, ਜਿਨ੍ਹਾਂ ਨੇ ਉਸ ਬੀਜ ਫੈਕਟਰੀ ਵਿੱਚੋਂ ਨਕਲੀ ਬੀਜ ਖ਼ਰੀਦ ਕੇ ਆਪਣੀ ਫ਼ਸਲ ਦੀ ਬਿਜਾਈ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫ਼ਸਲ ਤਿਆਰ ਹੋਣ 'ਤੇ ਹਰੇਕ ਖ਼ਰੀਦ ਏਜੰਸੀ ਅਤੇ ਖਰੀਦ ਕੰਪਨੀ ਕੰਨੀ ਕੱਟੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣਾ ਨੈਤਿਕ ਫ਼ਰਜ਼ ਨਿਭਾਉਂਦਿਆਂ ਬੀਜ ਘੁਟਾਲੇ ਸਬੰਧੀ ਉੱਚ ਪੱਧਰੀ ਕਮੇਟੀ ਕੋਲੋਂ ਜਾਂਚ ਕਰਵਾਏ ਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੋ ਅਸਤੀਫ਼ਾ ਲਵੇ।