ਗੁਰਦਾਸਪੁਰ: ਬੀਤੇ ਦਿਨੀਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਵਾਰਡ ਨੰ. 2 'ਚ ਨਗਰ ਕੌਂਸਲ ਦੀ ਜ਼ਿਮਨੀ ਚੋਣ ਹੋਈ। ਚੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਵੇਲੇ ਅਕਾਲੀ-ਭਾਜਪਾ ਵਰਕਰ ਪੁਲਿਸ ਨਾਲ ਭਿੜ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ 50 ਦੇ ਕਰੀਬ ਅਕਾਲੀ-ਭਾਜਪਾ ਵਰਕਰਾਂ ਖ਼ਿਲਾਫ਼ ਵਰਦੀ ਪਾੜਣ ਅਤੇ ਪੱਗ ਦੀ ਬੇਅਦਬੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਪੀ. ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਵੇਲੇ ਅਕਾਲੀ ਭਾਜਪਾ ਵਰਕਰਾਂ ਵੱਲੋਂ ਜੋ ਪੁਲਿਸ ਨਾਲ ਹੱਥੋਪਾਈ ਕੀਤੀ ਗਈ ਸੀ ਉਸ ਦੌਰਾਨ ਏ.ਐੱਸ.ਆਈ. ਬਲਵਿੰਦਰ ਸਿੰਘ ਦੀ ਵਰਦੀ ਨੂੰ ਪਾੜਿਆ ਗਿਆ ਸੀ ਅਤੇ ਪੱਗ ਵੀ ਲਾਹ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਏ.ਐੱਸ.ਆਈ. ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹੁਣ ਪੁਲਿਸ ਨੇ ਅਕਾਲੀ ਭਾਜਪਾ ਦੇ 8 ਵਰਕਰਾਂ ਖ਼ਿਲਾਫ਼ ਨਾਮਜਦ ਜਦਕਿ ਬਾਕੀ 42 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਵਰਕਰਾਂ ਨੇ ਨਤੀਜਾ ਕਾਂਗਰਸ ਦੇ ਹੱਕ ਵਿੱਚ ਸੁਣਾਏ ਜਾਣ ਤੋਂ ਬਾਅਦ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਸਮੇਂ ਉਹ ਪੁਲਿਸ ਨਾਲ ਵੀ ਭਿੜ ਗਏ ਸਨ।