ਬਟਾਲਾ: ਬੀਤੇ ਦਿਨੀਂ ਅਰੁਣਾਚਲ ਪ੍ਰਦੇਸ਼ ਦੀ ਭਾਰਤ-ਚੀਨ ਸਰਹੱਦ ਉੱਤੇ ਗਸ਼ਤ ਦੌਰਾਨ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਫੌਜ ਦੀ 62 ਮੀਡੀਅਮ ਫੀਲਡ ਰੈਜੀਮੈਂਟ ਦਾ ਬਹਾਦਰ ਜਵਾਨ ਗੁਰਭੇਜ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਹੋਇਆ ਜਵਾਨ ਗੁਰਭੇਜ ਸਿੰਘ ਬਟਾਲਾ ਵਿਖੇ ਮਸਾਣੀਆਂ ਦਾ ਰਹਿਣਾ ਵਾਲਾ ਹੈ, ਜਿਸ ਦੇ ਪਿੰਡ ਵਿੱਚ ਇਸ ਖ਼ਬਰ ਤੋਂ ਬਾਅਦ ਸੋਗ ਦੀ ਲਹਿਰ ਹੈ।
ਜਾਣਕਾਰੀ ਮੁਤਾਬਕ, ਸ਼ਹੀਦ ਗੁਰਭੇਜ ਸਿੰਘ ਕਰੀਬ 3 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਬੀਤੀ 6 ਫ਼ਰਵਰੀ ਨੂੰ ਗਸ਼ਤ ਦੌਰਾਨ ਆਏ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿੱਚ 7 ਜਵਾਨ ਆ ਗਏ ਸਨ ਅਤੇ ਲਾਪਤਾ ਸਨ। ਫੌਜ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 9 ਫ਼ਰਵਰੀ ਨੂੰ ਇਹ ਜਵਾਨ ਬਰਫ਼ ਦੇ ਤੋਦਿਆ ਹੇਠ ਦੱਬੇ ਹੋਏ ਮਿਲੇ। 22 ਸਾਲਾ ਸ਼ਹੀਦ ਜਵਾਨ ਗੁਰਭੇਜ ਸਿੰਘ ਦੇ ਚਾਚਾ ਸੰਪੂਰਨ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਦਾ ਅਜੇ ਵਿਆਹ ਨਹੀਂ ਹੋਇਆ ਸੀ ਅਤੇ ਉਸ ਦੀ ਇਕ ਭੈਣ ਹੈ।
ਦੱਸ ਦਈਏ ਕਿ ਸ਼ਹੀਦ ਗੁਰਭੇਜ ਦਾ ਪਿਤਾ ਵੀ ਫੌਜੀ ਹੈ ਅਤੇ ਪਰਿਵਾਰ ਪਿਛੋਕੜ ਵੀ ਫੌਜ ਦੀ ਸੇਵਾ ਕਰਨ ਵਾਲਿਆਂ ਦਾ ਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹੀਦੀ ਪ੍ਰਾਪਤ ਕਰਨ ਵਾਲੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਸ਼ੁਕਰਵਾਰ ਸ਼ਾਮ ਜਾਂ ਸ਼ਨੀਵਾਰ ਸਵੇਰ ਨੂੰ ਪਿੰਡ ਮਸਾਣੀਆਂ ਵਿੱਚ ਪਹੁੰਚੇਗੀ।
ਇਹ ਵੀ ਪੜ੍ਹੋ: ਬਠਿੰਡਾ ਬੱਸ ਸਟੈਂਡ ਵਿਖੇ ਬੱਸਾਂ ਦਾ ਲੱਗਿਆ ਲੰਮਾ ਜਾਮ, ਜਾਣੋਂ ਪੂਰਾ ਮਾਮਲਾ