ਗੁਰਦਾਸਪੁਰ: ਨਸ਼ੇ ਦੇ ਮੁੱਦੇ 'ਤੇ ਚੋਣਾਂ ਲੜਨ ਵਾਲੀ ਕੈਪਟਨ ਸਰਕਾਰ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਤਾਂ ਕਰਦੀ ਹੈ ਪਰ ਪੰਜਾਬ ਦੀ ਨੌਜਵਾਨੀ ਅੱਜ ਵੀ ਨਸ਼ੇ ਦੀ ਦਲ-ਦਲ ਵਿੱਚ ਫਸੀ ਹੋਈ ਹੈ। ਗੁਰਦਾਸਪੁਰ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਆਪਣੀ ਨਸ਼ੇ ਦੀ ਭੈੜੀ ਲਤ ਨੂੰ ਛਡਾਉਣ ਪਹੁੰਚੇ ਇੱਕ ਨੌਜਵਾਨ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਇਹ ਨੌਜਵਾਨ ਆਪਣੇ ਪਿਆਰ ਨਾਲ ਵਿਆਹ ਕਰਵਾਉਣ ਲਈ ਨਸ਼ਾ ਛੱਡਣਾ ਚਾਹੁੰਦਾ ਹੈ। ਮਾਪਿਆਂ ਨੇ ਤੇ ਲੜਕੀ ਨੇ ਕਿਹਾ ਕਿ ਜਦ ਤੱਕ ਉਹ ਨਸ਼ੇ ਨਹੀਂ ਛੱਡਦਾ, ਉਸ ਦਾ ਵਿਆਹ ਨਹੀਂ ਹੋਵੇਗਾ। ਇਸ ਲਈ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਉਹ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਹੈ।
ਨੌਜਵਾਨ ਨੇ ਦੱਸਿਆ ਕਿ ਹੁਣ ਤੱਕ ਉਹ ਕਰੋੜਾਂ ਰੁਪਏ ਦਾ ਨਸ਼ਾ ਕਰ ਚੁੱਕਿਆ ਹੈ। ਜਦ ਘਰ-ਬਾਹਰ ਦਾ ਸਭ ਕੁੱਝ ਵਿਕ ਗਿਆ ਤਾਂ ਉਸ ਨੇ ਚੋਰੀ-ਡਕੈਤੀ ਸ਼ੁਰੂ ਕਰ ਦਿੱਤੀ। ਉਸ ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਿਸ਼ਾਨਾ ਵੀ ਆਪਣਿਆਂ ਨੂੰ ਬਣਾਇਆ। ਉਸ ਨੇ ਆਪਣੇ ਨਾਨਕੇ ਘਰ 'ਚੋਂ ਲੱਖਾਂ ਦੇ ਗਹਿਣੇ ਚੋਰੀ ਕੀਤੇ। ਇਥੋਂ ਤੱਕ ਕਿ ਉਸ ਨੇ ਸੁਪਾਰੀ ਲੈ ਕੇ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਜਿਸ ਵਿਅਕਤੀ 'ਤੇ ਹਮਲਾ ਕੀਤਾ, ਉਹ ਬਚ ਗਿਆ ਪਰ ਨੌਜਵਾਨ ਨੂੰ ਆਪਣੇ ਦੋਸਤ ਨਾਲ ਜੇਲ੍ਹ ਦੀ ਸਜ਼ਾ ਭੁਗਤਣੀ ਪਈ।
ਨੌਜਵਾਨ ਨੇ ਦੱਸਿਆ ਕਿ ਉਸਨੇ ਦਸਵੀਂ ਕਲਾਸ ਵਿਚ ਨਸ਼ਾ ਸ਼ੁਰੂ ਕੀਤਾ ਸੀ ਫਿਰ ਉਹ ਨਸ਼ੇ ਦੀ ਦਲ-ਦਲ ਵਿਚ ਫਸਦਾ ਹੀ ਚਲਾ ਗਿਆ। ਸਮੈਕ ਤੋਂ ਬਾਅਦ ਉਹ ਚਿੱਟੇ (ਹੈਰੋਇਨ) ਦਾ ਆਦੀ ਹੋ ਗਿਆ। ਹਸਪਤਾਲ 'ਚ ਉਸ ਨੇ ਪਹਿਲੀ ਵਾਰ ਇੰਜੈਕਸ਼ਨ ਨਾਲ ਚਿੱਟਾ ਦੇ ਸੇਵਨ ਕੀਤਾ। ਉਸ ਤੋਂ ਬਾਅਦ ਉਸ ਦੀ ਨਸ਼ੇ ਦੀ ਲਤ ਵੱਧਦੀ ਗਈ।
ਉਸ ਨੇ ਨਸ਼ੇ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਮੁਕਤੀ ਕੇਂਦਰ 'ਚ ਭਰਤੀ ਹੋ ਕੇ ਨਸ਼ੇ ਦੀ ਆਦਤ ਛੱਡ ਦੇਣ।
ਦੂਜੇ ਪਾਸੇ, ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਰਮੇਸ਼ ਮਹਾਜਨ ਨੇ ਦੱਸਿਆ ਕਿ ਇਹ ਨੌਜਵਾਨ ਹੁਣ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਹੈ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਵਿੱਚ ਨੀਲਾ ਥੋਥਾ ਨਾਮਕ ਕੈਮੀਕਲ ਦੀ ਮਿਲਾਵਟ ਹੋਣ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਇਸ ਲਈ ਨੌਜਵਾਨ ਆਪਣੀ ਜਿੰਦਗੀ ਖ਼ਤਰੇ ਵਿੱਚ ਨਾ ਪਾਉਣ।