ਫਿਰੋਜ਼ਪੁਰ: ਮੱਖੂ ਅਧੀਨ ਪੈਂਦੇ ਪਿੰਡ ਝਾਅਮ ਕੇ ਤੋਂ ਇੱਕ ਨੂੰਹ ਵੱਲੋਂ ਆਪਣੀ ਹੀ ਸੱਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਨੂੰਹ ਆਪਣੀ ਸੱਸ ਨੂੰ ਬੜੇ ਬੁਰੇ ਤਰੀਕੇ ਨਾਲ ਕੁੱਟ ਰਹੀ ਹੈ ਅਤੇ ਉਸ ਬਜ਼ੁਰਗ ਔਰਤ ਨੂੰ ਕੋਈ ਛੁਡਾ ਵੀ ਨਹੀਂ ਰਿਹਾ। ਵੀਡੀਓ 'ਚ ਇੱਕ ਬਜ਼ੁਰਗ ਕਹਿ ਰਿਹਾ ਹੈ ਕਿ ਸੱਸ ਨੂੰ ਨਾ ਕੁੱਟਿਆ ਜਾਵੇ ਪਰ ਨੂੰਹ ਨੇ ਕਿਸੇ ਦੀ ਇੱਕ ਨਹੀਂ ਸੁਣੀ ਅਤੇ ਆਪਣੀ ਸੱਸ ਨੂੰ ਲਗਾਤਾਰ ਕੁੱਟਦੀ ਰਹੀ।
ਦੂਜੇ ਪਾਸੇ ਜਦੋਂ ਪੀੜਤ ਬਜ਼ੁਰਗ ਔਰਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਪਣਾ ਨਾਂਅ ਕਸ਼ਮੀਰ ਕੌਰ ਦੱਸਿਆ ਅਤੇ ਕਿਹਾ ਕਿ ਉਸ ਦੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਨੂੰਹ ਨੇ ਉਸ ਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਹੈ।
ਬਜ਼ੁਰਗ ਨੇ ਦੱਸਿਆ ਕਿ ਉਸ ਦੇ ਮਕਾਨ ਅਤੇ ਸਾਰੀ ਜ਼ਮੀਨ 'ਤੇ ਉਸ ਦੀ ਨੂੰਹ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਜਦੋਂ ਵੀ ਉਹ ਆਪਣੇ ਘਰ ਵਾਪਸ ਜਾਂਦੀ ਹੈ ਤਾਂ ਉਸ ਦੀ ਨੂੰਹ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੰਦੀ ਹੈ। ਉਹ ਕਈ ਵਾਰ ਪੁਲਿਸ ਨੂੰ ਇਸ ਬਾਰੇ ਦੱਸ ਚੁੱਕੀ ਹੈ ਪਰ ਕੋਈ ਵੀ ਉਸ ਦੀ ਮਦਦ ਨਹੀਂ ਕਰਦਾ। ਇਸੇ ਕਾਰਨ ਉਹ ਆਪਣੀ ਧੀ ਦੇ ਘਰ ਰਹਿ ਰਹੀ ਹੈ।