ਜ਼ੀਰਾ: ਸੂਬੇ 'ਚ ਆਏ ਦਿਨ ਲੁੱਟ-ਖੋਹ ਅਤੇ ਚੋਰੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਨਸ਼ੇੜੀਆਂ ਵੱਲੋਂ ਇਨ੍ਹਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਜ਼ੀਰਾ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਮੱਝਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰੀ ਦੀ ਇਹ ਉਸ ਸਮੇਂ ਭਾਵੇਂ ਕਿਸੇ ਨੇ ਨਹੀਂ ਦੇਖੀ ਪਰ ਉਹ ਤੀਜੀ ਅੱਖ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਇਹ ਸਮਝਿਆ ਜਾ ਰਿਹਾ ਹੈ ਕਿ ਨਸ਼ੇੜੀਆਂ ਨੇ ਨਸ਼ੇ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਜਦੋਂ ਨਸ਼ੇੜੀਆਂ ਕੋਲ ਨਸ਼ਾ ਖ਼ਤਮ ਹੋ ਜਾਂਦਾ ਅਤੇ ਪੈਸੇ ਨਹੀਂ ਹੁੰਦੀ ਤਾਂ ਉਹ ਅਜਿਹੀਆਂ ਚੋਰੀਆਂ ਕਰਕੇ ਹੀ ਨਸ਼ੇ ਦੀ ਪੂਰਤੀ ਕਰਦੇ ਹਨ।
ਸੀਸੀਟੀਵੀ 'ਚ ਕੈਦ ਘਟਨਾ: ਮੱਝਾਂ ਚੋਰੀ ਦੀ ਘਟਨਾ ਨੂੰ ਸੀਸੀਟੀਵੀ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ। ਕਿਵੇਂ ਕੁੱਝ ਲੋਕ ਛੋਟੇ ਹਾਥੀ 'ਚ ਆਉਂਦੇ ਹਨ ਅਤੇ 2 ਮੱਝਾਂ ਨੂੰ ਚੋਰੀ ਕਰ ਰਫੂ ਚੱਕਰ ਹੋ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਮੱਝਾਂ ਦੇ ਮਾਲਕ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕਸਾਰ ਪਤਾ ਲੱਗਿਆ ਜਦੋਂ ਉਨ੍ਹਾਂ ਦਾ ਪੁੱਤਰ ਕੰਮ ਲਈ ਘਰੋਂ ਜਾ ਰਿਹਾ ਸੀ ਤਾਂ ਮੱਝ ਦਾ ਕੱਟਾ ਬਾਹਰ ਘੁੰਮ ਰਿਹਾ ਸੀ ਅਤੇ ਮੱਝਾਂ ਵਾਲੇ ਘਰ ਦਾ ਤਾਲਾ ਟੁੱਟਿਆ ਹੋਇਆ ਸੀ। ਜਿਸ ਤੋਂ ਬਾਅਦ ਅੰਦਰ ਜਾ ਕੇ ਦੇਖਿਆ ਤਾਂ 2 ਮੱਝਾਂ ਗਾਇਬ ਸਨ। ਪੀੜਤ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਚੋਰਾਂ ਨੂੰ ਫੜ੍ਹਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਨੂੰ ਪਤਾ ਲੱਗ ਸਕੇ ਕਿ ਚੋਰੀ ਕਿਵੇਂ ਜਾਂਦੀ ਹੈ। ਉਥੇ ਹੀ ਲੋਕਾਂ ਵਿੱਚ ਪੁਲਿਸ ਖਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ, ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨੀਂ ਵੱਡੀਆਂ ਚੋਰੀਆਂ ਹੋ ਰਹੀਆਂ ਹਨ, ਪਰ ਪੁਲਿਸ ਦੇ ਹੱਥ ਖਾਲੀ ਹਨ।
ਪੁਲਿਸ ਦਾ ਬਿਆਨ: ਇਸ ਘਟਨਾ ਦੀ ਜਾਣਕਾਰੀ ਪੀੜਤਾਂ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਮਾਮਲੇ 'ਤੇ ਬੋਲਦੇ ਜਾਂਚ ਅਧਿਕਾਰੀ ਜ਼ੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਦੇਖੀ ਗਈ ਹੈ।ਇਸ ਤੋਂ ਇਲਾਵਾ ਪੀੜਤਾਂ ਵੱਲੋਂ ਕੁੱਝ ਲੋਕਾਂ ਦੀ ਪਛਾਣ ਵੀ ਦੱਸੀ ਹੈ ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਫੜਨ 'ਚ ਕਾਮਯਾਬ ਹੋ ਜਾਵੇਗੀ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Murder In Uttar Pradesh: ਤੂੰ ਮੇਰੀ ਨਹੀਂ ਤਾਂ ਕਿਸੇ ਹੋਰ ਦੀ ਵੀ ਨਹੀਂ..ਇਹ ਕਹਿ ਕੇ ਪ੍ਰੇਮੀ ਨੇ ਮੌਤ ਦੇ ਘਾਟ ਉਤਾਰੀ ਪ੍ਰੇਮਿਕਾ