ਫਿਰੋਜ਼ਪੁਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾੜੇ ਬੰਦੇ ਲਈ ਪੁਲਿਸ ਦੇ ਹੱਥ ਸਖ਼ਤ ਹੁੰਦੇ ਹਨ ਪਰ ਇਸ ਦੇ ਉਲਟ ਪੰਜਾਬ ਪੁਲਿਸ ਦੀ ਰਹਿਮਦਿਲੀ ਸਰਹੱਦੀ ਖੇਤਰ ਮਮਦੋਟ ਵਿਖੇ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਗਸ਼ਤ ਦੇ ਦੌਰਾਨ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਪਾਰਟੀ ਨੇ ਪਿੰਡ ਨਵਾਂ ਕਿਲਾ ਦੇ ਨੇੜੇ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।
ਦੱਸ ਦਈਏ ਕਿ ਘਰ ਦੀ ਮਾੜੀ ਹਾਲਤ ਨੂੰ ਵੇਖ ਕੇ ਪੁਲਿਸ ਨੇ ਰਹਿਮਦਿਲੀ ਵਿਖਾਉਂਦਿਆਂ ਥਾਣਾ ਮੁੱਖੀ ਗੁਰਪ੍ਰੀਤ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਉਸ ਉਪਰ ਕਾਰਵਾਈ ਕਰਨ ਦੀ ਬਜਾਏ ਨਸ਼ਾ ਛੁਡਾਉਣ ਦੇ ਉਦੇਸ਼ ਨਾਲ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ, ਜਿਸ ਤੋਂ ਬਾਅਦ ਹੁਣ ਉਸ ਨੂੰ ਫਿਰੋਜ਼ਪੁਰ ਵਿਖੇ ਭੇਜਿਆ ਜਾ ਰਿਹਾ ਹੈ।
ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ ਨੇ ਦੱਸਿਆ ਕਿ 3-4 ਸਾਲ ਪਹਿਲਾਂ ਮਾੜੀ ਸੰਗਤ ਦਾ ਅਸਰ ਹੋ ਜਾਣ ਕਾਰਨ ਉਹ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਆਦੀ ਹੋ ਗਿਆ ਸੀ ਅਤੇ ਬੀਤੇ ਦਿਨ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਫੜੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਉੱਪਰ ਰਹਿਮਦਿਲੀ ਦਿਖਾਉਂਦਿਆਂ ਕਾਰਵਾਈ ਕਰਨ ਦੀ ਥਾਂ ਉਸ ਨੂੰ ਇਲਾਜ ਲਈ ਭੇਜਿਆ ਗਿਆ। ਇਸ ਦੇ ਡੂੰਘੇ ਅਸਰ ਨਾਲ ਨਸ਼ੇ ਛੱਡ ਦੇਵੇਗਾ। ਉਸ ਨੇ ਪੰਜਾਬ ਸਰਕਾਰ ਅੱਗੇ ਦੁਹਾਈ ਦਿੰਦੇ ਕਿਹਾ ਹੈ ਕਿ ਪੇਂਡੂ ਖੇਤਰ ਵਿੱਚ ਨਸ਼ੇ ਦਾ ਮੱਕੜਜਾਲ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ ਜਿਸਨੂੰ ਸਖ਼ਤੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਗਰਕ ਹੋ ਜਾਵੇਗੀ।
ਪੀੜਤ ਦੀ ਪਤਨੀ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਲ ਨਾਲ ਚੱਲਦਾ ਹੈ ਪਰ ਉਸ ਦਾ ਪਤੀ ਤੇ ਤੰਗ ਪ੍ਰੇਸ਼ਾਨ ਕਰਕੇ 2-3 ਸੌ ਰੁਪਿਆ ਜਬਰਨ ਨਸ਼ੇ ਲਈ ਖੋਹ ਕੇ ਲੈ ਜਾਂਦਾ ਹੈ, ਜਿਸ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਵੀ ਨਹੀਂ ਹੋ ਪਾ ਰਿਹਾ। ਉਸ ਨੇ ਪੰਜਾਬ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਕਿਹਾ ਕਿ ਘਰ ਦੀ ਹਾਲਤ ਠੀਕ ਨਾ ਹੋਣ ਕਰ ਕੇ ਉਸ ਦੇ ਪਤੀ ਨੂੰ ਨਸ਼ਾ ਛੁਡਾਊ ਕੇਂਦਰ ਭੇਜ ਕੇ ਉਸ ਦੇ ਪਰਿਵਾਰ ਨੂੰ ਬਚਾ ਲਿਆ ਜਾਵੇ।
ਉਧਰ ਮੌਕੇ ’ਤੇ ਪਹੁੰਚੇ ਥਾਣਾ ਲੱਖੋ ਕੇ ਬਹਿਰਾਮ ਦੇ ਏਐੱਸਆਈ ਆਤਮਾ ਸਿੰਘ ਨੇ ਕਿਹਾ ਕਿ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਉਕਤ ਪੀੜਤ ਨੌਜਵਾਨ ਲਛਮਣ ਸਿੰਘ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਇਲਾਜ ਕਰਨ ਨੂੰ ਪਹਿਲ ਦਿੱਤੀ ਹੈ ਅਤੇ ਅੱਗੇ ਤੋਂ ਭਵਿੱਖ ਵਿਚ ਨਸ਼ਿਆਂ ਦਾ ਸੇਵਨ ਨਾ ਕਰਨ ਦਾ ਸੰਕਲਪ ਲੈਂਦਿਆਂ ਉਸ ਨੌਜਵਾਨ ਨੂੰ ਸਿੱਧੇ ਰਾਹੇ ਪਾਇਆ ਹੈ।
ਇਹ ਵੀ ਪੜੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਚੀਨ ਦੇ ਫੁੱਲਾਂ ਦੇ ਨਾਲ ਸਜਾਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ