ਫਿਰੋਜ਼ਪੁਰ: ਜ਼ਿਲ੍ਹੇ ਵਿਖੇ ਬਣਿਆ ਸਟੇਸ਼ਨ ਮਹਾਲਮ ਦਾ ਅੰਡਰਬ੍ਰਿਜ ਲੋਕਾਂ ਦੇ ਲਈ ਮੁਸੀਬਤ ਬਣਿਆ ਹੋਇਆ ਹੈ। ਇਸ ਬ੍ਰਿਜ ਦੇ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਇਸ ਮੁਸੀਬਤ ਤੋਂ ਨਿਜ਼ਾਤ ਦਿਵਾਉਣ ਦੀ ਲਗਾਤਾਰ ਗੁਹਾਰ ਲਗਾ ਰਹੇ ਹਨ।
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਹਿਲੇ ਸਟੇਸ਼ਨ ਮਹਾਲਮ ਦੇ ਅੰਡਰਬ੍ਰਿਜ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਠੇਕੇਦਾਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਵੱਲੋਂ ਗਲਤ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਕਾਰਨ ਇਸ ਅੰਡਰ ਬ੍ਰਿਜ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਕਦੇ ਕੋਈ ਦਿੱਕਤ ਅਤੇ ਹੁਣ ਥੋੜ੍ਹੀ ਜਿਹੀ ਆਈ ਹਨੇਰੀ ਸਦਕਾ ਪਿੱਲਰ ਤੇ ਸ਼ੈਡ ਉਖੜ ਗਿਆ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਹੈ ਪਰ ਸਰਕਾਰ ਦੇ ਕੰਨੀ ਜੂੰ ਨਹੀਂ ਸਰਕ ਰਹੀ ਹੈ। ਉਨ੍ਹਾਂ ਕਿਹਾ ਕਿ ਅੰਡਰਬ੍ਰਿਜ ਦੇ ਥੱਲੇ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੇ ਇਕ ਤਖਤੀ ਲਗਾ ਕੇ ਆਪਣੀ ਜਿੰਮੇਵਾਰੀ ਪੂਰੀ ਕਰ ਦਿੱਤੀ, ਜਦਕਿ ਇਸ ਦਾ ਕੋਈ ਹੱਲ ਨਹੀਂ ਕੱਢਿਆ।
ਲੋਕਾਂ ਨੇ ਰੇਲਵੇ ਅਧਿਕਾਰੀਆਂ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਤਖਤੀ ਮੁਤਾਬਿਕ ਜੇਕਰ ਤਿੰਨ ਫੁੱਟ ਤੱਕ ਪਾਣੀ ਭਰਦਾ ਹੈ ਤਾਂ ਇਨ੍ਹਾਂ ਨੰਬਰਾਂ `ਤੇ ਸੰਪਰਕ ਕੀਤਾ ਜਾਵੇ, ਜਦੋਂ ਸਮੇਂ ਰਹਿੰਦਿਆਂ ਇਸਦਾ ਹੱਲ ਕੱਢਣਾ ਚਾਹੀਦਾ ਸੀ। ਤਖਤੀ ਤੇ ਲਿਖੇ ਹੋਏ ਨੰਬਰਾਂ ’ਤੇ ਜਦੋ ਸੰਪਰਕ ਕੀਤਾ ਜਾਂਦਾ ਹੈ ਤਾਂ ਅਧਿਕਾਰੀ ਲਾਰੇ ਦੇ ਦਿੰਦੇ ਹਨ। ਪਰ ਸਮੱਸਿਆ ਦਾ ਹੱਲ ਫਿਰ ਵੀ ਨਹੀਂ ਕੱਢਿਆ ਜਾਂਦਾ।
ਇਹ ਵੀ ਪੜੋ: ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਲੁਧਿਆਣਾ 'ਚ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ