ਫਿਰੋਜ਼ਪੁਰ: ਪਿੰਡ ਹਜਾਰਾਂ ਵਿੱਚ ਮਕਾਨ ਦੀ ਛੱਤ ਡਿਗਣ ਦਾ ਮਾਮਲਾ ਸਹਾਮਣੇ ਆਇਆ ਹੈ। 2 ਦਿਨ ਲਗਤਾਰ ਮੀਂਹ ਪੈਣ ਕਾਰਨ ਕੱਚੇ ਮਕਾਨ ਦੀ ਛੱਤ ਡਿਗ ਗਈ। ਉਸ ਸਮੇਂ ਘਰ ਵਿੱਚ ਪਰਿਵਾਰ ਦੇ 4 ਮੈਂਬਰ ਸੁੱਤੇ ਪਏ ਸਨ, ਛੱਤ ਡਿੱਗਣ ਕਾਰਨ ਚਾਰੇ ਮੈਂਬਰ ਮਲਬੇ ਹੇਠ ਆ ਗਏ। ਮਲਬੇ ਹੇਠਾਂ ਆਉਣ ਕਾਰਨ 1 ਮਹਿਲਾ ਦੀ ਮੌਤ ਅਤੇ 3 ਮੈਂਬਰ ਜ਼ਖ਼ਮੀ ਹੋ ਗਏ। ਮ੍ਰਿਤਕ ਮਹਿਲਾ ਦੇ ਪਤੀ ਗੁਰਮੇਜ ਸਿੰਘ ਅਤੇ 2 ਬੱਚਿਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।
ਗੁਰਮੇਜ ਦੇ ਭਰਾ ਨੇ ਦੱਸਿਆ ਕਿ ਮਕਾਨ ਕੱਚਾ ਸੀ, ਲਗਤਾਰ ਮੀਂਹ ਪੈਣ ਕਰਕੇ ਸਵੇਰੇ ਮਕਾਨ ਦੀ ਛੱਤ ਡਿਗ ਗਈ। ਉਸ ਨੇ ਦੱਸਿਆ ਕਿ ਉਸ ਦੀ ਭਾਬੀ ਦੀ ਮਲਬੇ ਹੇਠਾਂ ਦੱਬਣ ਕਰਕੇ ਮੌਤ ਹੋ ਗਈ ਤੇ ਭਰਾ ਗੁਰਮੇਜ ਸਿੰਘ ਅਤੇ ਉਸਦੀਆਂ 2 ਕੁੜੀਆਂ ਗੰਭੀਰ ਜਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਦੇ ਭਰਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਗਰੀਬਾਂ ਦੇ ਕੱਚੇ ਮਕਾਨ, ਪੱਕੇ ਕਰਵਾਉਣ ਲਈ ਸਰਕਾਰ ਦੀ ਸਕੀਮ ਤਹਿਤ ਸਾਨੂੰ ਹਾਲੇ ਤੱਕ ਕੁੱਝ ਨਹੀਂ ਮਿਲਿਆ ਹੈ ਅਤੇ ਅਜੇ ਤੱਕ ਮੌਕੇ 'ਤੇ ਕੋਈ ਵੀ ਪੁਲਿਸ ਅਫ਼ਸਰ ਨਹੀਂ ਆਇਆ ਹੈ।