ਫ਼ਿਰੋਜ਼ਪੁਰ: ਜ਼ੀਰਾ ਵਿਖੇ ਸਥਿਤ ਮਾਲਬਰੋਸ ਸ਼ਰਾਬ ਦੀ ਫੈਕਟਰੀ ਸਬੰਧੀ ਐੱਨਜੀਟੀ ਵੱਲੋਂ ਆਈ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਮੁੱਖ ਅਧਿਕਾਰੀ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ, ਐਸਐਸਪੀ ਸੁਰਿੰਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਐਸਡੀਐਮ ਜ਼ੀਰਾ ਇੰਦਰਪਾਲ ਵਿਸ਼ੇਸ਼ ਤੌਰ 'ਤੇ ਫੈਕਟਰੀ ਅੱਗੇ ਲੱਗੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਐੱਨਜੀਟੀ ਦੀ ਰਿਪੋਰਟ ਅਤੇ ਹਾਈ ਕੋਰਟ ਦੇ ਆਰਡਰਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਜਾਂ ਪਿੰਡ ਵਾਸੀਆਂ ਵੱਲੋਂ ਦੱਸੇ ਮੁਤਾਬਕ ਜੋ ਵੀ ਸੈਂਪਲ ਲੈਣ ਲਈ ਕਹੇ ਗਏ ਸਨ, ਉਸ ਮੁਤਾਬਕ ਹੀ ਸਬੰਧਤ ਵਿਭਾਗਾਂ ਵੱਲੋਂ ਸਾਰੇ ਸੈਂਪਲ ਲਏ ਗਏ ਸਨ ਅਤੇ ਅਤੇ ਇਹ ਸਾਰੇ ਸੈਂਪਲ ਅਤੇ ਰਿਪੋਰਟਾਂ ਐੱਨਜੀਟੀ ਨੂੰ ਭੇਜੀਆਂ ਗਈਆਂ ਸਨ ਜਿਸ ਦੀ ਪੜਤਾਲ ਦੋ ਪ੍ਰਾਈਵੇਟ ਲੇਬ ਵਿਚੋਂ ਕਰਵਾਈ ਗਈ ਹੈ। ਹੁਣ ਐਨਜੀਟੀ ਵੱਲੋਂ ਇਸ ਫੈਕਟਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਕ ਸਾਰੇ ਸੈਂਪਲ ਅਤੇ ਰਿਪੋਰਟਾਂ ਪਾਸ ਆਈਆਂ ਹਨ ਜਿਸ ਕਰਕੇ ਇਸ ਫੈਕਟਰੀ ਨੂੰ ਹੁਕਮਾਂ ਮੁਤਾਬਕ ਬੰਦ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਉਹ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਆਪਣਾ ਧਰਨਾ ਖ਼ਤਮ ਕਰਨ, ਪਰ ਜੇਕਰ ਉਨ੍ਹਾਂ ਨੂੰ ਇਸ ਰਿਪੋਰਟ ਦੇ ਨਤੀਜੇ ਮਨਜ਼ੂਰ ਨਹੀਂ ਹਨ ਤਾਂ ਉਹ ਇਸ ਸਬੰਧੀ ਕਾਨੂੰਨੀ ਤੌਰ 'ਤੇ ਅਪੀਲ ਪਾ ਸਕਦੇ ਹਨ ਜਾਂ ਆਪਣਾ ਧਰਨਾ ਫੈਕਟਰੀ ਤੋਂ 300 ਮੀਟਰ ਦੂਰੀ 'ਤੇ ਲਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਫੈਕਟਰੀ ਅੰਦਰ ਆਉਣ ਜਾਣ ਵਾਲੇ ਮੁਲਾਜ਼ਮਾਂ ਜਾਂ ਹੋਰ ਤਰ੍ਹਾਂ ਤਰ੍ਹਾਂ ਦੀ ਆਵਾਜਾਈ ਨੂੰ ਰੋਕ ਨਹੀਂ ਸਕਦੇ।
ਇਸ ਦੌਰਾਨ ਉਨ੍ਹਾਂ ਧਰਨਾਕਾਰੀਆਂ ਦੇ ਵੱਖ ਵੱਖ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵੀ ਇਹ ਰਿਪੋਰਟ ਅਤੇ ਹਾਈ ਕੋਰਟ ਦੇ ਹੁਕਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਵੱਲੋਂ ਫੈਕਟਰੀ ਸਬੰਧੀ ਜੋ ਕਲੇਮ ਕੀਤਾ ਗਿਆ ਹੈ ਕਿ ਫੈਕਟਰੀ ਦਾ ਪਾਣੀ ਆਦਿ ਗੰਦਾ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਕੈਂਸਰ ਦੀ ਬੀਮਾਰੀ ਫੈਲ ਰਹੀ ਹੈ ਜਦਕਿ ਐੱਨਜੀਟੀ ਦੀ ਰਿਪੋਰਟ ਦੇ ਮੁਤਾਬਿਕ ਫੈਕਟਰੀ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਇਹੋ ਜਾ ਡਿਸਜਾਰਚ ਨਹੀਂ ਰਿਲੀਜ਼ ਕੀਤਾ ਜਾਂਦਾ।
ਇਸ ਮੌਕੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਵੀ ਧਰਨਾਕਾਰੀਆਂ ਨੂੰ ਕਿਹਾ ਕਿ ਜੇਕਰ ਨੂੰ ਰਿਪੋਰਟ ਨਹੀਂ ਮਨਜ਼ੂਰ ਹੈ ਤਾਂ ਧਰਨਾ ਲਗਾਉਣਾ ਉਨ੍ਹਾਂ ਦਾ ਹੱਕ ਹੈ, ਪਰ ਉਹ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਫੈਕਟਰੀ ਤੋਂ 300 ਮੀਟਰ ਦੂਰੀ ਤੋਂ ਆਪਣਾ ਧਰਨਾ ਲਗਾ ਸਕਦੇ ਹਨ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਵੀ ਧਰਨਾਕਾਰੀਆਂ ਨੂੰ ਐੱਨਜੀਟੀ ਦੀ ਰਿਪੋਰਟ ਬਾਰੇ ਜਾਣੂ ਕਰਵਾਇਆ ਅਤੇ ਆਪਣਾ ਧਰਨਾ ਖ਼ਤਮ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 'ਆਪ੍ਰੇਸ਼ਨ ਲੋਟਸ' ਲਾਗੂ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਭਾਜਪਾ ਨਾਲ ਮਲਾਇਆ ਹੱਥ: ਅਮਨ ਅਰੋੜਾ