ਫ਼ਿਰੋਜ਼ਪੁਰ : ਮਹਾਤਮਾ ਗਾਂਧੀ ਵਾਲਾ ਭਾਰਤ ਦੇਸ਼ ਸਭ ਦਾ ਹੈ ਮੋਦੀ ਵੋਟ ਪ੍ਰਾਪਤੀ ਲਈ ਧਰਮ ਦੀਆਂ ਵੰਡੀਆਂ ਪਾ ਦੇਸ਼ ਦਾ ਬੇੜਾ ਗਰਕ ਕਰ ਰਿਹਾ ਹੈ। ਇਹ ਕਹਿਣਾ ਹੈ ਫਾਰੂਕ ਅਬਦੁੱਲਾ ਸਾਬਕਾ ਮੁੱਖ ਮੰਤਰੀ ਜੰਮੂ ਕਸ਼ਮੀਰ ਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਸੱਚਾ ਹੈ, ਤਿੰਨੋਂ ਕਾਨੂੰਨ ਰੱਦ ਹੋਣੇ ਚਾਹੀਦੇ ਹਨ, ਸੰਘਰਸ਼ ਲੰਮਾ ਜ਼ਰੂਰ ਹੋ ਗਿਆ ਪਰ ਇਸ ਦੀ ਜਿੱਤ ਪੱਕੀ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅੱਜ ਅਚਾਨਕ ਫਿਰੋਜ਼ਪੁਰ ਪਹੁੰਚੇ ਅਤੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਪਹੁੰਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫ਼ੌਜ ਦੇ ਅਧਿਕਾਰੀਆਂ ਤੋਂ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਧਰਮਾਂ ਦੇ ਨਾਮ ‘ਤੇ ਦੇਸ਼ ਦੇ ਲੋਕਾਂ ਨੂੰ ਵੰਡਣਾ ਬੰਦ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਸਾਰੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਧਾਰਾ 370 'ਤੇ ਬੋਲਦਿਆਂ ਅਬਦੁੱਲਾ ਨੇ ਕਿਹਾ ਕਿ ਇਸ ਨੂੰ ਹਟਾਏ ਜਾਣ ਨਾਲ ਕੋਈ ਫਾਇਦਾ ਨਹੀਂ ਹੋਇਆ ਸਗੋਂ ਉਦਯੋਗਾਂ ਵਿੱਚ ਕਮੀ ਆਈ ਹੈ।