ਫਿਰੋਜ਼ਪੁਰ: ਬਦਲਾਅ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬੇਸ਼ੱਕ ਬਦਲਾਅ ਤਾਂ ਕਿਤੇ ਨਜ਼ਰ ਨਹੀਂ ਆਇਆ ਪਰ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੋ ਗਈ ਹੈ। ਤਾਜ਼ਾ ਮਾਮਲਾ ਹੈ ਜ਼ੀਰਾ ਦੇ ਕਸਬਾ ਮੱਖੂ ਦਾ ਜਿੱਥੇ ਦਿਨ ਦਿਹਾੜੇ ਇੱਕ ਪੌਸ਼ ਇਲਾਕੇ ਵਿੱਚ ਪੰਜ ਹਥਿਆਰਬੰਦ ਲੁਟੇਰਿਆਂ ਦੁਆਰਾ ਪਿਸਤੌਲ ਦੀ ਨੋਕ ’ਤੇ ਘਰ ਵਿੱਚ ਦਾਖ਼ਲ ਹੋ ਕੇ ਇਕੱਲੀ ਮਹਿਲਾ ਕੋਲੋਂ ਪੰਜ ਲੱਖ ਰੁਪਏ ਨਗਦ ਅਤੇ ਦਸ ਤੋਲੇ ਸੋਨੇ ਦੀ ਲੁੱਟ ਕੀਤੀ ਗਈ।
ਮੱਖੂ ਦੇ ਵਾਰਡ ਨੰਬਰ ਸੱਤ ਦੀ ਆਰੀਆ ਸਮਾਜ ਗਲੀ ਵਿਚ ਅਸ਼ੋਕ ਕੁਮਾਰ ਠੁਕਰਾਲ ਰਹਿੰਦੇ ਹਨ ਜੋ ਕਿ ਦਾਣਾ ਮੰਡੀ ਮੱਖੂ ਵਿੱਚ ਆੜ੍ਹਤ ਦਾ ਕੰਮ ਕਰਦੇ ਹਨ ਅਤੇ ਸਵੇਰੇ ਆਪਣੀ ਚੌਵੀ ਸਾਲਾ ਲੜਕੇ ਦੇ ਨਾਲ ਆੜਤ ਉੱਪਰ ਚਲੇ ਗਏ ਤਾਂ ਸਿਖਰ ਦੁਪਹਿਰੇ ਦੋ ਨਕਾਬਪੋਸ਼ ਲੁਟੇਰੇ ਘਰ ਦੀ ਅਰਲ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ ਅਤੇ ਘਰ ਵਿਚ ਮੌਜੂਦ ਅਸ਼ੋਕ ਕੁਮਾਰ ਦੀ ਪਤਨੀ ਕਮਲੇਸ਼ ਰਾਣੀ ਨਾਲ ਕੁੱਟਮਾਰ ਕਰ ਕੇ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ ਸਟੋਰ ਦੀਆਂ ਚਾਬੀਆਂ ਖੋਹ ਲਈਆਂ।
ਇਸ ਤੋਂ ਬਾਅਦ ਉਨ੍ਹਾਂ ਦੇ ਬਾਕੀ ਤਿੰਨ ਸਾਥੀ ਵੀ ਗਲੀ ਦੀ ਰੇਕੀ ਕਰਦੇ ਹੋਏ ਅੰਦਰ ਆ ਗਏ। ਇੰਨ੍ਹਾਂ ਲੁਟੇਰਿਆਂ ਨੇ ਔਰਤ ਕੋਲੋਂ ਸਟੋਰ ਵਿਚ ਪਈ ਅਲਮਾਰੀ ਵਿੱਚ ਰੱਖੇ ਨਗਦੀ ਅਤੇ ਸੋਨਾ ਲੈ ਕੇ ਉਸ ਨੂੰ ਸਟੋਰ ਵਿੱਚ ਬੰਦ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਘਟਨਾ ਤੋਂ ਕਾਫੀ ਦੇਰ ਬਾਅਦ ਗੁਆਂਢੀਆਂ ਦੁਆਰਾ ਅਚਾਨਕ ਘਰ ਵਿੱਚ ਪਹੁੰਚ ਕੇ ਔਰਤ ਨੂੰ ਸਟੋਰ ਵਿੱਚੋਂ ਬਾਹਰ ਕੱਢਿਆ ਗਿਆ ਜੋ ਕਿ ਬੇਸੁਰਤ ਦੀ ਹਾਲਤ ਵਿੱਚ ਸੀ ਅਤੇ ਫਿਰ ਲੋਕਾਂ ਦੁਆਰਾ ਕਮਲੇਸ਼ ਕੌਰ ਦੇ ਪਤੀ ਅਸ਼ੋਕ ਕੁਮਾਰ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਜੋ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ।