ਫ਼ਿਰੋਜ਼ਪੁਰ: ਪਿੰਡ ਖੋਸਾ ਦਲ ਵਿਖੇ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਜ਼ਮੀਨ ਦਿੱਤੀ ਗਈ ਹੈ। ਮਸਜਿਦ ਦਾ ਨਾਂਅ ਮੱਕਾ ਮਸਜਿਦ ਰੱਖਿਆ ਗਿਆ ਹੈ ਅਤੇ ਇਸ ਦਾ ਨੀਂਹ ਪੱਥਰ ਪੰਜਾਬ ਵਕਫ ਬੋਰਡ ਦੇ ਮੈਂਬਰ ਮੌਲਾਨਾ ਉਸਮਾਨ ਲੁਧਿਆਣਵੀ ਅਤੇ ਮੁਹੰਮਦ ਸਿਤਾਰ ਲਿਬੜਾ ਨੇ ਰੱਖਿਆ ਹੈ।
ਗੱਲਬਾਤ ਕਰਿਦਆਂ ਪੰਜਾਬ ਵਕਫ ਬੋਰਡ ਦੇ ਮੈਂਬਰ ਮੁਹੰਮਦ ਸਿਤਾਰ ਲਿਬੜਾ ਨੇ ਸਰਪੰਚ ਅਤੇ ਪਿੰਡ ਵਾਸੀਆਂ ਖ਼ਾਸ ਕਰ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਦੇ ਸੱਭਿਆਚਾਰ 'ਚ ਇੱਕ ਕਾਮਯਾਬੀ ਹੋਰ ਜੁੜ ਗਈ ਹੈ। ਉਨ੍ਹਾਂ ਕਿਹਾ ਕਿ ਸਰਬ ਸੰਮਤੀ ਨਾਲ ਚੁੱਕਿਆ ਗਿਆ ਇਹ ਕਦਮ ਪਿੰਡ 'ਚ ਰਹਿ ਰਹੇ ਮੁਸਲਿਮ ਭਾਈਚਾਰੇ ਨੂੰ ਸੁਰੱਖਿਅਤ ਮਹਿਸੂਸ ਕਰਵਾਵੇਗਾ।
ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੰਮੇ ਚਿਰ ਤੋਂ ਇੱਛਾ ਸੀ ਕਿ ਭਾਈਚਾਰਕ ਸਾਂਝ ਨੂੰ ਵਧਾਉਂਦਿਆਂ ਮੁਸਲਿਮ ਭਾਈਚਾਰੇ ਲਈ ਇਹ ਕਾਰਜ ਕੀਤਾ ਜਾਵੇ ਜਿਸ ਕਾਰਨ ਸਮੂਹ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦਿਆ ਹੋਇਆ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਪੰਚਾਇਤੀ ਜ਼ਮੀਨ ਦੇ ਵਿੱਚੋਂ ਪਲਾਟ ਕੱਟ ਕੇ ਦਿੱਤਾ ਗਿਆ ਹੈ।
ਮੁਹੰਮਦ ਸਿਤਾਰ ਨੇ ਕਿਹਾ ਕਿ ਮੱਕਾ ਮਸਜਿਦ ਬਣਨ ਤੋਂ ਬਾਅਦ ਮੁਸਲਿਮ ਭਾਈਚਾਰਾ ਇਸ ਮਸਜਿਦ ਵਿੱਚ ਪੰਜ ਵਕਤ ਦੀ ਨਮਾਜ਼ ਅਦਾ ਕਰੇਗਾ ਅਤੇ ਹਰ ਸਾਲ ਈਦ ਅਤੇ ਬਕਰੀਦ ਦੇ ਤਿਓਹਾਰ ਵੀ ਮਨਾਏ ਜਾਣਗੇ ਜਿਸ ਨਾਲ ਦੇਸ਼ ਵਿਚ ਅਮਨ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਜਾਵੇਗਾ।