ਫਿਰੋਜ਼ਪੁਰ:ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਕਾਰਨ ਸੀਨੀਅਰ ਪੱਤਰਕਾਰ ਤੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਕੈਸ਼ੀਅਰ ਰਤਨ ਲਾਲ ਦਾ ਦੇਹਾਂਤ ਹੋ ਗਿਆ। ਰਤਨ ਲਾਲ ਕੋਰੋਨਾ ਪੌਜ਼ੀਟਿਵ ਹੋਣ ਦੇ ਚਲਦੇ ਪਿਛਲੇ 15 ਦਿਨਾਂ ਤੋਂ ਬਿਮਾਰ ਸਨ।
ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਰਤਨ ਲਾਲ ਕੋਰੋਨਾ ਪੌਜ਼ੀਟਿਵ ਹੋ ਗਏ ਸਨ। ਸਿਹਤ ਵਿਗੜਨ 'ਤੇ ਉਨ੍ਹਾਂ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਥੇ ਆਰਾਮ ਨਾ ਹੋਣ ਮਗਰੋਂ ਉਨ੍ਹਾਂ ਮੁੜ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਪਰ ਇਥੇ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਸ ਔਖੇ ਸਮੇਂ ਵਿੱਚ ਸਮੂਹ ਪੱਤਰਕਾਰਾਂ , ਸਮਾਜ ਸੇਵੀ ਸੰਸਥਾਵਾਂ ਅਤੇ ਸਿਆਸੀ ਆਗੂਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੱਖ ਸਾਂਝਾ ਕੀਤਾ। ਇਸ ਦੌਰਾਨ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਨੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਲਈ 50 ਲੱਖ ਰੁਪਏ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੁਖ ਮੰਤਰੀ ਵੱਲੋਂ ਫੀਲਡ ਵਿੱਚ ਕੰਮ ਕਰ ਰਹੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਫਰੰਟ ਲਾਈਨ ਵਾਰੀਅਰ ਐਲਾਨ ਕੀਤਾ ਗਿਆ ਹੈ। ਇਸ ਦੇ ਅਧੀਨ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਨਾਲ ਸਿਹਤ ਮੁਲਾਜ਼ਮਾਂ, ਡਾਕਟਰਾਂ ਤੇ ਨਰਸਾਂ ਆਦਿ ਨੂੰ 50 ਲੱਖ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਪੱਤਰਕਾਰਾਂ ਨੂੰ ਵੀ ਅਜਿਹੇ ਹਲਾਤਾਂ ਵਿੱਚ ਆਰਥਿਕ ਮਦਦ ਮਿਲਣੀ ਚਾਹੀਦੀ ਹੈ।