ਫ਼ਿਰੋਜ਼ਪੁਰ: ਬੇਸ਼ੱਕ ਸਾਡਾ ਦੇਸ਼ ਆਜ਼ਾਦ ਹੋਇਆ ਨੂੰ ਕਰੀਬ 70 ਸਾਲ ਤੋਂ ਉਪਰ ਹੋ ਗਏ ਹਨ, ਪਰ ਪੰਜਾਬ ਦੇ ਫਿਰੋਜ਼ਪੁਰ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਭਾਰਤ-ਪਾਕਿ ਜੰਗਾਂ 1965 ਤੇ 1971 ਦੀ ਦਹਿਸ਼ਤ ਅੱਜ ਵੀ ਦੇਖਣ ਨੂੰ ਮਿਲਦੀ ਹੈ। ਦੱਸ ਦਈਏ ਜਦੋਂ ਪਾਕਿਸਤਾਨ ਪਾਸੋਂ ਗੋਲੀਆਂ ਚੱਲਦੀਆਂ ਹਨ ਤਾਂ ਇਨ੍ਹਾਂ ਪਿੰਡ ਵਾਸੀਆਂ ਦੇ ਸਾਹ ਸੁੱਕ ਜਾਂਦੇ ਹਨ, ਵੱਖ-ਵੱਖ ਲੜਾਈਆਂ ਦੌਰਾਨ ਇਸ ਵਿੱਚ ਵੱਸਦੇ ਲੋਕੀਂ ਕਈ ਵਾਰ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ। ਇਨ੍ਹਾਂ ਪਿੰਡਾਂ ਵਿੱਚ ਨਾ ਤਾਂ ਡਾਕਖਾਨਾ ਹੈ ਤੇ ਨਾ ਹੀ ਬੈਂਕ ਦੀ ਸਹੂਲਤ ਹੈ ਵਿਕਾਸ ਦੀ ਗੱਲ ਤਾਂ ਦੂਰ ਦੀ ਗੱਲ ਹੈ। ਜਿਸ ਕਰਕੇ ਇਹ ਪਿੰਡ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਇਸੇ ਤਰ੍ਹਾਂ ਹੀ ਫ਼ਿਰੋਜ਼ਪੁਰ ਸਰਹੱਦ ਦੇ ਨਾਲ ਨਵੀਂ ਗੱਟੀ ਰਾਜੋ ਕੇ ਪਿੰਡ ਹੈ, ਜਿਸ ਪਿੰਡ ਵਿੱਚ ਈ.ਟੀ.ਵੀ ਭਾਰਤ ਦੀ ਟੀਮ ਨੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪਿੰਡ ਦੇ ਹਲਾਤਾਂ 'ਤੇ ਚਾਨਣਾ ਪਾਇਆ।
ਪਿੰਡ ਦੇ ਨੰਬਰਦਾਰ ਤੇ ਬਲਾਕ ਸੰਮਤੀ ਮੈਂਬਰ ਨੇ ਦੱਸੀ ਪਿੰਡ ਦੀ ਦਾਸਤਾ........
ਇਸ ਮੌਕੇ ਜਦੋਂ ਪਿੰਡ ਦੇ ਨੰਬਰਦਾਰ ਤੇ ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਜਦੋਂ ਪੁੱਛਿਆ ਕਿ ਇੱਥੇ ਆਉਣ-ਜਾਣ ਨੂੰ ਲੈ ਕੇ ਕਿ ਸਾਧਨ ਹਨ ਤਾਂ ਉਨ੍ਹਾਂ ਦੱਸਿਆ ਕਿ ਇੱਥੇ ਕਿਸੇ ਵੀ ਤਰ੍ਹਾਂ ਦੇ ਕੋਈ ਸਰਕਾਰੀ ਸਾਧਨ ਨਹੀਂ ਆਉਂਦਾ, ਕਿਉਂਕਿ ਅਸੀਂ ਤਾਂ ਇਕ ਪਾਸੇ ਦਰਿਆ ਤੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਜੇ ਕੋਈ ਜੰਗ ਲੱਗ ਜਾਵੇ ਜਾਂ ਹੜ੍ਹ ਆ ਜਾਵੇ ਤੇ ਅਸੀਂ ਬਿਲਕੁਲ ਬਰਬਾਦ ਹੋ ਜਾਂਦੇ ਹਾਂ।
BSF ਵੱਲੋਂ ਪਿੰਡ ਵਾਸੀਆਂ ਨੂੰ ਤੰਗ ਕੀਤਾ ਜਾਂਦਾ ਹੈ, ਸੁੱਚਾ ਸਿੰਘ ....
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਚਮੜੇ ਦੀਆਂ ਫੈਕਟਰੀਆਂ ਹੋਣ ਕਰਕੇ ਪਾਣੀ ਗੰਦਾ ਹੋਇਆ ਪਿਆ ਹੈ ਤੇ ਗੰਦਾ ਪਾਣੀ ਪੀਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਤਾਂ ਇਸ ਤਰ੍ਹਾਂ ਬੈਠੇ ਹਾਂ ਜਿਵੇਂ ਪੰਜਾਬ ਤੋਂ ਅਲੱਗ ਹੋਈਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੇ ਬਾਰਡਰ 'ਤੇ ਕੋਈ ਨਸ਼ਾ ਫੜ੍ਹਿਆ ਜਾਂਦਾ ਹੈ ਤਾਂ ਸਾਨੂੰ ਬੀ.ਐਸ.ਐਫ਼ ਵੱਲੋਂ ਬਹੁਤ ਤੰਗ ਕੀਤਾ ਜਾਂਦਾ ਹੈ। ਜਦੋਂ ਕਿ ਇਹ ਸਮੱਗਲਰ ਬਾਹਰੋਂ ਸਟੇਟਾਂ ਵਿੱਚੋਂ ਆਉਂਦੇ ਹਨ ਤੇ ਅਸੀਂ ਆਪਣੇ ਖੇਤਾਂ ਵਿੱਚ ਹਫ਼ਤਾ 10 ਦਿਨ ਜਾ ਨਹੀਂ ਸਕਦੇ, ਜਿਸ ਨਾਲ ਫ਼ਸਲਾਂ 'ਤੇ ਅਸਰ ਪੈਂਦਾ ਹੈ ਤੇ ਕਈ ਵਾਰ ਫਸਲਾਂ ਸੁੱਕ ਵੀ ਜਾਂਦੀਆਂ ਹਨ।
ਪਿੰਡ ਸਿਹਤ ਸਹੂਲਤਾਂ ਤੋਂ ਵਾਂਝਾ, ਮੌੜਾ ਸਿੰਘ
ਇਸ ਮੌਕੇ ਪਿੰਡ ਵਾਸੀ ਮੌੜਾ ਸਿੰਘ ਨੇ ਦੱਸਿਆ ਕਿ ਇਕ ਡਿਸਪੈਂਸਰੀ ਪਿੰਡ ਵਿੱਚ ਹੈ ਤੇ ਉਥੇ ਡਾਕਟਰ 8 ਘੰਟੇ ਡਿਊਟੀ ਕਰਦਾ ਹੈ, ਪਰ ਰਾਤ ਸਮੇਂ ਜੇ ਕੋਈ ਮੁਸੀਬਤ ਆ ਜਾਵੇ ਤਾਂ ਸਾਨੂੰ ਫਿਰੋਜ਼ਪੁਰ ਸਰਕਾਰੀ ਹਸਪਤਾਲ ਵਿੱਚ ਜਾਣਾ ਪੈਂਦਾ ਹੈ। ਜਿਸ ਨਾਲ ਕਿ ਮਰੀਜ਼ ਨਾਲ ਰਸਤੇ ਵਿੱਚ ਕੁੱਝ ਵੀ ਵਾਪਰ ਸਕਦਾ ਹੈ ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਪੜ੍ਹਾਈ ਲਈ ਇੱਕ ਸਕੂਲ ਹੈ, ਜੋ ਹੁਣ +2 ਤੱਕ ਹੋ ਗਿਆ ਹੈ, ਜਦੋਂ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਸ਼ਹਿਰਾਂ ਵੱਲ ਨੂੰ ਭੱਜਣਾ ਪੈਂਦਾ ਹੈ ਤੇ ਰਿਸ਼ਤੇਦਾਰਾਂ ਦੇ ਘਰ ਰਹਿਣਾ ਪੈਂਦਾ ਹੈ। ਸਰਕਾਰ ਵੱਲੋਂ 5- 5 ਮਰਲੇ ਦੇ ਪਲਾਂਟ ਦੇਣ ਵਾਸਤੇ ਕਿਹਾ ਜਾਂਦਾ ਹੈ, ਪਰ ਦਿੱਤਾ ਨਹੀਂ ਜਾਂਦੇ ਜੇ ਸਾਨੂੰ ਸ਼ਹਿਰ ਵਿੱਚ ਦੇ ਦਿੱਤੇ ਜਾਣ ਤਾਂ ਅਸੀਂ ਉਥੇ ਰਹਿ ਸਕਦੇ ਹਾਂ, ਪਰ ਦਿੱਤੇ ਨਹੀਂ ਜਾਂਦੇ। ਉਨ੍ਹਾਂ ਦੱਸਿਆ ਕਿ ਬਾਰਡਰ ਦੇ ਨਾਲ ਲੱਗਦੇ 11 ਪਿੰਡਾਂ ਵਿੱਚ ਨਾ ਤਾਂ ਕੋਈ ਬੈਂਕ ਹੈ ਤੇ ਨਾ ਕੋਈ ਡਾਕਖਾਨਾ ਹੈ।
ਨੌਕਰੀ ਪੱਖੋਂ ਵੀ ਫਾਡੀ ਪਿੰਡ ਨਵੀਂ ਗੱਟੀ ਰਾਜੋ ਕੇ, ਬੋਹੜ ਸਿੰਘ
ਇਸ ਮੌਕੇ ਪਿੰਡ ਵਾਸੀ ਬੋਹੜ ਸਿੰਘ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਰਕਤ ਜਿਵੇਂ ਗੋਲੀਬਾਰੀ ਜਾਂ ਨਸ਼ਾ ਸੁੱਟਿਆ ਜਾਂਦਾ ਹੈ, ਇਸ ਨਾਲ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ +2 ਸਕੂਲ ਹੋਣ ਕਰਕੇ ਤਾਂ ਬੱਚੇ ਪੜ੍ਹੇ ਹਨ, ਪਹਿਲਾਂ ਕੋਈ ਵੀ ਪੜ੍ਹਿਆ ਲਿਖਿਆ ਪਿੰਡ ਵਿੱਚ ਨਹੀਂ ਸੀ। ਉਨ੍ਹਾਂ ਦੱਸਿਆ ਕਿ 4-5 ਨੌਜਵਾਨਾਂ ਨੂੰ ਫੌਜ ਵਿੱਚ ਸਿਰਫ ਅਜੇ ਤੱਕ ਨੌਕਰੀ ਮਿਲੀ ਹੈ, ਜਦੋਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਿਆਂ ਚਾਹੀਦੀਆਂ ਹਨ।
ਇਸ ਮੌਕੇ ਗੁਰਦੁਆਰੇ ਦੇ ਪਾਠੀ ਹਰਦੀਪ ਸਿੰਘ ਨੂੰ ਜਦੋਂ ਪੁੱਛਿਆ ਕਿ ਚੋਣਾਂ ਵਿੱਚ ਲੀਡਰਾਂ ਵੱਲੋਂ ਆ ਕੇ ਲਾਰੇ ਹੀ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲਾਰੇ ਹੀ ਦਿੱਤੇ ਜਾਂਦੇ ਹਨ ਨਾ ਤਾਂ ਪਿੰਡ ਵਿੱਚ ਪਾਣੀ ਦੀ ਟੈਂਕੀ ਦਾ ਲਾਰਾ ਦੇ ਕੇ ਪੂਰਾ ਕੀਤਾ ਗਿਆ ਤੇ ਹੀ ਨਲਕੇ ਲਵਾਏ ਗਏ। ਗੁਰਦੁਆਰੇ ਵਿੱਚ 2 ਨਲਕੇ ਲੱਗੇ ਹਨ, ਜਿਨ੍ਹਾਂ ਵਿੱਚ ਵੀ ਪਾਣੀ ਗੰਦਾ ਆਉਂਦਾ ਹੈ। ਜਿਸ ਨਾਲ ਬੀਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਤੇ ਇਲਾਜ ਵਾਸਤੇ ਸ਼ਹਿਰ ਜਾਣਾ ਪੈਂਦਾ ਹੈ, ਇਸ ਤਰ੍ਹਾਂ ਦੀ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ।
ਪਿੰਡ 'ਤੇ ਕੁਦਰਤ ਤੇ ਲੀਡਰਾਂ ਦੀ ਮਾਰ, ਬਲਦੇਵ ਸਿੰਘ
ਇਸ ਮੌਕੇ ਜਦੋਂ ਮੈਂਬਰ ਪੰਚਾਇਤ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਾਹਰ ਆਉਣ 'ਤੇ ਨਾਂ 'ਤੇ ਪਸ਼ੂਆਂ ਵਾਸਤੇ ਚਾਰਾ ਮਿਲਦਾ ਹੈ ਨਾ ਇਹ ਕੋਈ ਰੋਟੀ ਦਾ ਇੰਤਜ਼ਾਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇ ਹੌਲੀ-ਹੌਲੀ ਅਸੀ ਪੈਰਾਂ 'ਤੇ ਖੜੇ ਹੁੰਦੇ ਹਾਂ ਤਾਂ ਕੋਈ ਨਾ ਕੋਈ ਮਾਰ ਪੈ ਜਾਂਦੀ ਹੈ, ਜਿਸ ਨਾਲ ਸਾਡੇ ਪੈਰ ਫੇਰ ਉੱਖੜ ਜਾਂਦੇ ਹਨ।
ਇਸ ਮੌਕੇ ਉਨ੍ਹਾਂ ਦੱਸੀਆਂ ਕੀ ਸਾਨੂੰ ਫਸਲਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜੇ ਅਸੀਂ ਪਟਵਾਰੀਆਂ ਕੋਲ ਜਾਂਦੇ ਹਾਂ ਤਾਂ ਉਨ੍ਹਾਂ ਵੱਲੋਂ ਛਾਤੀ ਠੋਕ ਕੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਅਫ਼ਸਰਾਂ ਕੋਲ ਚਲੇ ਜਾਵੋ। ਇਸ ਮੌਕੇ ਉਨ੍ਹਾਂ ਕਿਹਾ ਕੀ ਚੋਣਾਂ ਦੇ ਸਮੇਂ ਵਿੱਚ ਹੀ ਲੀਡਰ ਆਉਂਦੇ ਹਨ ਤੇ ਫਿਰ ਲਾਰੇ ਹੀ ਦਿੰਦੇ ਹਨ ਤੇ ਪੂਰੇ 5 ਸਾਲਾਂ ਵਿੱਚ ਸਿਰਫ ਇੱਕ ਹੀ ਵਾਰ ਚੋਣਾਂ ਵਿੱਚ ਵੋਟਾਂ ਮੰਗਣ ਨੂੰ ਆਉਂਦੇ ਹਨ ਸਰਕਾਰ ਵੱਲੋਂ ਕੋਈ ਵੀ ਸਾਡੇ ਵੱਲ ਧਿਆਨ ਨਹੀ ਦਿੱਤਾ ਜਾਂਦਾ ਹੈ।