ਫਿਰੋਜ਼ਪੁਰ:ਜ਼ਿਲ੍ਹੇ ਚ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਲਗਾਤਾਰ ਮੁਹਿੰਮ ਵਿੱਢੀ ਗਈ ਹੈ।ਪੁਲਿਸ ਵਲੋਂ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਜਿਸਦੇ ਚੱਲਦੇ ਹੀ ਨਸ਼ਾ ਤਸਕਰਾਂ ਤੇ ਨਸ਼ੇ ਦੀ ਖੇਪ ਨੂੰ ਬਰਾਮਦ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਦੇ ਚੱਲਦੇ ਹੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਸ਼ਖ਼ਸ ਤੋਂ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਕਰੀਬ 49 ਹਜ਼ਾਰ ਗੋਲੀਆਂ ਪੁਲਿਸ ਵਲੋਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ ਗਸਤ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਮੁਲਜ਼ਮ ਮੋਟਰਸਾਇਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਇਸ ਦੌਰਾਨ ਪੁਲਿਸ ਵਲੋਂ ਮੁਲਜ਼ਮ ਦੀ ਚੈਕਿੰਗ ਕੀਤੀ ਗਈ ਤੇ ਉਸ ਤੋਂ ਪਲਾਸਟਿਕ ਦਾ ਇੱਕ ਬੋਰਾ ਬਰਾਮਦ ਕੀਤਾ ਗਿਆ ਜਿਸ ਚ ਉਸ ਵਲੋਂ ਨਸ਼ੀਲੀਆਂ ਗੋਲੀਆਂ ਲਿਆਂਦੀਆਂ ਗਈਆਂ ਸਨ।ਪੁਲਿਸ ਨੇ ਮੌਕੇ ਤੇ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ।ਪੁੁਲਿਸ ਨੇ ਇਹ ਵੀ ਦੱਸਿਆ ਕਿ ਮੁਢਲੀ ਜਾਂਚ ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਟਰੱਕ ਡਰਾਈਵਰੀ ਦਾ ਕੰਮ ਕਰਦਾ ਹੈ।
ਪੁੁਲਿਸ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਦੇ ਲਈ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੌਰਾਨ ਅਦਾਲਤ ਨੇ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਦਿੱਤਾ ਹੈ।ਪੁਲਿਸ ਨੇ ਇਸ ਜਾਂਚ ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਹੈ।