ਫ਼ਿਰੋਜ਼ਪੁਰ: ਬੀਐਸਐਫ਼ ਨੇ ਸਤਲੁਜ ਦਰਿਆ ਤੋਂ ਹੈਰੋਇਨ ਅਤੇ ਕਾਰਤੂਸ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਨਸ਼ੇ ਦੀ ਖੇਪ ਨੂੰ ਪਾਕਿਸਤਾਨ ਤੋਂ ਦਰਿਆ ਰਾਹੀਂ ਤੈਰਦੇ ਹੋਏ ਭਾਰਤ ਲਿਆ ਰਿਹਾ ਸੀ।
ਫ਼ਿਰੋਜ਼ਪੁਰ ਬੀਐੱਸਐੱਫ਼ ਦੀ 136 ਬਟਾਲਿਅਨ ਨੇ ਮੋਹਮਦੀ ਵਾਲਾ ਦੇ ਨੇੜੇ ਸਤਲੁਜ ਦਰਿਆ ਵਿੱਚ ਪਾਕਿਸਤਾਨ ਵੱਲੋਂ ਭਾਰਤੀ ਸਰਹਦ ਦੇ ਅੰਦਰ ਤੈਰਦੇ ਹੋਏ ਆ ਰਹੇ ਇੱਕ ਭਾਰਤੀ ਤਸਕਰ ਨੂੰ ਮੌਕੇ 'ਤੇ ਕਾਬੂ ਕਰ ਲਿਆ। ਤਸਕਰ ਕੋਲੋਂ 16 ਕਿੱਲੋ ਹੈਰੋਇਨ, 31 ਬੋਰ ਦੇ ਕਾਰਤੂਸ, ਇੱਕ ਮੈਗਜ਼ੀਨ ਸਮੇਤ ਪਾਕਿਸਤਾਨੀ ਸਿਮ ਬਰਾਮਦ ਕੀਤੀ ਗਈ ਹੈ।
ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਕਰੀਬ 80 ਕਰੋੜ ਦੱਸੀ ਜਾ ਰਹੀ ਹੈ। ਤਸਕਰ ਹਰਜਿੰਦਰ ਸਿੰਘ ਸਰਹੱਦੀ ਪਿੰਡ ਪੱਲਾ ਮੇਘਾ ਦਾ ਰਹਿਣ ਵਾਲਾ ਹੈ। ਇਹ ਤਸਕਰ ਤੈਰ ਕੇ ਪਾਕਿਸਤਾਨ ਵਿੱਚ ਦਾਖ਼ਲ ਹੋਇਆ ਸੀ ਅਤੇ ਪਾਕਿਸਤਾਨੀ ਤੋਂ ਹੈਰੋਇਨ ਦੀ ਖੇਪ ਲੈ ਕੇ ਵਾਪਿਸ ਦਰਿਆ ਰਾਹੀਂ ਹੀ ਭਾਰਤੀ ਖੇਤਰ ਵਿੱਚ ਵਾਪਿਸ ਆ ਰਿਹਾ ਸੀ। ਸਰਹਦੀ ਇਲਾਕੇ ਵਿੱਚ ਲੱਗੇ ਬੀਐੱਸਐੱਫ਼ ਦੇ ਥਰਮਲ ਕੈਮਰੇ ਤੋਂ ਇਸ ਤਸਕਰ ਦਾ ਪਤਾ ਲਗਾਇਆ ਗਿਆ ਅਤੇ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।