ਅਬੋਹਰ : ਅਬੋਹਰ ਦੇ ਇੰਦਰਾ ਨਗਰੀ ਰੋਡ ਉਤੇ ਸਥਿਤ ਮੁਖ ਸ਼ਿਵਪੁਰੀ ਵਿਚ ਅੱਜ ਇਕ ਬੱਚੀ ਦਾ ਭਰੂਣ ਮਿਲਣ ਨਾਲ ਸਨਸਨੀ ਫੈਲ ਗਈ ਹੈ। ਜਾਣਕਾਰੀ ਦੇ ਅਨੁਸਾਰ ਸ਼ਮਸ਼ਾਨਘਾਟ ਵਿਖੇ ਸਸਕਾਰ ਮੌਕੇ ਪੁੱਜੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਦਿਨੇਸ਼ ਗੋਇਲ ਨੇ ਦੇਖਿਆ ਕਿ ਸ਼ਮਸ਼ਾਨਘਾਟ ਵਿਖੇ ਕੁਝ ਕੁੱਤੇ ਕਿਸੇ ਚੀਜ਼ ਨੂੰ ਨੋਚ ਰਹੇ ਸਨ, ਜਦੋਂ ਉਨ੍ਹਾਂ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਸਾਹਮਣੇ ਬੱਚੀ ਦਾ ਭਰੂਣ ਪਿਆ ਸੀ। ਭਰੂਣ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਇਲਾਕਾ ਵਾਸੀਆਂ ਵੱਲੋਂ ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਵਨ ਤੋਂ ਏਐੱਸਆਈ ਮੌਕੇ ਉਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਬਰਾਮਦ ਹੋਏ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਇਸ ਦੀ ਬਾਰਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਹਾਲਾਂਕਿ ਸ਼ਮਨਸ਼ਾਨਘਾਟ ਵਿਖੇ ਭਰੂਣ ਰੱਖ ਕੇ ਜਾਣ ਵਾਲਾ ਕੌਣ ਸੀ ਇਸ ਦਾ ਪਤਾ ਲਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸ਼ੱਕਤ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਸਬੰਧੀ ਸ਼ਮਸ਼ਾਨਘਾਟ ਦੇ ਸੁਰੱਖਿਆ ਕਰਮੀਆਂ ਤੇ ਮੁਲਾਜ਼ਮਾਂ ਕੋਲੋਂ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਆਖਰ ਇਸ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਨੂੰ ਤਾਲਾ, ਕੀ ਬਾਕੀ ਸਰਾਬ ਫੈਕਟਰੀਆਂ ’ਤੇ ਵੀ ਹੋਵੇਗੀ ਕਾਰਵਾਈ! ਉੱਠੇ ਕਈ ਸਵਾਲ
ਜ਼ਿਕਰਯੋਗ ਹੈ ਕਿ ਭਰੂਣ ਮਿਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਪੰਜਾਬ ਵਿਚ ਵੱਖ-ਵੱਖ ਥਾਈਂ ਭਰੂਣ ਮਿਲਦੇ ਰਹੇ ਹਨ। ਅਜਿਹੇ ਮਾਮਲੇ ਅਕਸਰ ਹੀ ਦੇਖਣ ਨੂੰ ਮਿਲਦੇ ਹਨ ਕਿ ਜਿਥੇ ਮਾਪਿਆਂ ਵੱਲੋਂ ਭਰੂਣ ਕਿਸੇ ਕੂੜੇ ਦੇ ਢੇਰ ਜਾਂ ਕਿਸੇ ਪਖਾਨੇ ਜਾਂ ਕਿਸੇ ਹੋਰ ਥਾਂ ਉਤੇ ਲਵਾਰਿਸ ਹਾਲਤ ਵਿਚ ਛੱਡ ਦਿੱਤਾ ਜਾਂਦਾ ਹੋਵੇ। ਪੁਲਿਸ ਪ੍ਰਸ਼ਾਸਨ ਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿਚ ਅਜਿਹੇ ਮਾਮਲੇ ਘੱਟ ਹੋਣ।