ਫ਼ਿਰੋਜਪੁਰ: 11ਵੀਂ ਜਮਾਤ ਵਿੱਚ ਪੜ੍ਹਦੀ 15 ਸਾਲਾਂ ਦੀ ਅਨਮੋਲ ਬੇਰੀ ਨੂੰ ਇੱਕ ਦਿਨ ਲਈ ਫ਼ਿਰੋਜਪੁਰ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਇੱਕ ਦਿਨ ਦੀ ਡੀਸੀ ਅਨਮੋਲ ਬੇਰੀ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਮਾਡਰਨ ਐਮਰਜੈਂਸੀ ਵਾਰਡ ਦਾ ਉਦਘਾਟਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਫ਼ਿਰੋਜ਼ਪੁਰ ਦੀ 15 ਸਾਲਾਂ ਦੀ ਦਸਵੀਂ ਕਲਾਸ ਦੀ ਟਾਪਰ ਵਿਦਿਆਰਥਣ ਅਨਮੋਲ ਬੇਰੀ ਦੀ ਦਿਲੀ ਇੱਛਾ ਡਿਪਟੀ ਕਮਿਸ਼ਨਰ ਬਣਨ ਦੀ ਸੀ, ਜਿਸ ਨੂੰ ਅੱਜ ਪੂਰਾ ਕਰਦੇ ਹੋਏ ਉਸ ਤੋਂ ਹੀ ਮਾਡਰਨ ਐਮਰਜੈਂਸੀ ਵਾਰਡ ਦਾ ਉਦਘਾਟਨ ਕਰਵਾਇਆ ਗਿਆ ਹੈ। ਡੀਸੀ ਚੰਦਰ ਗੈਂਧ ਨੇ ਕਿਹਾ ਕਿ ਐਮਰਜੇਂਸੀ ਵਾਰਡ ਦੀ ਬਿਲਡਿੰਗ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਅਤੇ ਸਾਰੇ ਵਾਰਡ ਵਿੱਚ ਏਅਰ ਕੰਡੀਸ਼ਨਰ ਲਗਾ ਦਿੱਤੇ ਗਏ ਹਨ ਤਾਂ ਜੋ ਇਥੇ ਆਣ ਵਾਲੇ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਹਸਪਤਾਲ ਵਿੱਚ ਜ਼ਰੂਰਤ ਦੀਆਂ ਮਸ਼ੀਨਾਂ ਵੀ ਮੁਹੱਈਆ ਕਰਾ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੀ ਕੀਮਤ 2 ਤਿੰਨ ਕਰੋੜ ਰੁਪਏ ਹੈ।
ਸਥਾਨਕ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਆਧੁਨਿਕ ਤਰੀਕੇ ਨਾਲ ਐਮਰਜੰਸੀ ਵਾਰਡ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਗੱਲਬਾਤ ਹੋਈ ਹੈ ਜਲਦ ਹੀ ਹਸਪਤਾਲ ਵਿੱਚ ਹੋਰ ਡਾਕਟਰਾਂ ਦੀ ਤੈਨਾਤੀ ਵੀ ਕੀਤੀ ਜਾਵੇਗੀ। ਦੱਸ ਦਈਏ ਕਿ ਅਨਮੋਲ ਬੇਰੀ ਦਾ ਕੱਦ ਸਿਰਫ਼ 2 ਫ਼ੁੱਟ 8 ਇੰਚ ਹੈ। ਉਸ ਨੂੰ ਚੱਲਣ–ਫਿਰਣ ’ਚ ਕੁਝ ਔਖ ਪੇਸ਼ ਆਉਂਦੀ ਹੈ। ਅਨਮੋਲ ਬੇਰੀ ਦਾ ਦਿੱਲੀ ਦੇ ਏਮਸ ਹਸਪਤਾਲ ’ਚ ਚਾਰ ਵਾਰ ਆਪਰੇਸ਼ਨ ਹੋ ਚੁੱਕੇ ਹਨ।