ਫ਼ਰੀਦਕੋਟ: ਪਿੰਡ ਕੋਟਕਰੋੜ ਕਲਾਂ ਨੇੜੇ ਬਣੇ ਨੈਸ਼ਨਲ ਹਾਈਵੇ ਨੰ. 54 ’ਤੇ ਬਣੇ ਟੋਲ ਪਲਾਜ਼ੇ ਤੇ ਅੱਜ 8 ਵਜੇ ਸਵੇਰੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਹੋਇਆ ਇੰਝ ਕਿ ਫ਼ਰੀਦਕੋਟ ਵਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਟੋਲ ਪਲਾਜ਼ੇ ’ਤੇ ਬਣੇ ਥੰਮਾਂ ਨਾਲ ਜਾ ਟਕਰਾਈ। ਜਿਸ ਕਾਰਣ ਬੱਸ ਵਿੱਚ ਸਵਾਰ 8 ਸਵਾਰੀਆਂ ਜਖਮੀ ਹੋ ਗਈਆਂ।
ਸਵਰੇ ਮੌਕੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਨਾ ਹੋਣ ਕਾਰਣ ਟੋਲ ਪਲਾਜ਼ੇ ’ਤੇ ਧਰਨਾ ਦੇ ਰਹੇ ਕਿਸਾਨ ਵਾਲ ਵਾਲ ਬੱਚ ਗਏ। ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਕਾਫੀ ਧੁੰਦ ਕਾਰਣ ਜਿਆਦਾ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਸੀ। ਬੱਸ ਦੇ ਟਕਰਾਉਣ ਨਾਲ ਇੱਕ ਵੱਡਾ ਧਮਾਕਾ ਹੋਣ ਬਾਅਦ ਹਫੜਾ ਦਫੜੀ ਮੱਚ ਗਈ।
ਇਸ ਹਾਦਸੇ ਦੌਰਾਨ ਬੱਸ ’ਚ ਸਵਾਰ ਬੱਸ ਚਾਲਕ ਸਮੇਤ 10 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਚੋਟਾਂ ਲੱਗੀਆਂ। ਮੌਕੇ ਤੇ ਮੌਜੂਦ ਕਿਸਾਨਾਂ ਅਤੇ ਪੁਲਿਸ ਕਰਮਚਾਰੀਆਂ ਵਲੋਂ ਅੰਬੂਲੈਂਸ ਰਾਹੀਂ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਹਨਾਂ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਇਥੇ ਜਿਕਰਯੋਗ ਹੈ ਕਿ ਜੇਕਰ ਹਾਦਸੇ ਮੌਕੇ ਕਿਸਾਨ ਧਰਨੇ ’ਤੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਹੁੰਦੇ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ। ਪਰ ਸਵੇਰ ਦਾ ਵਕਤ ਹੋਣ ਕਾਰਣ ਕਿਸਾਨਾਂ ਦੀ ਗਿਣਤੀ ਘੱਟ ਸੀ, ਜਿਸ ਕਾਰਣ ਕੋਈ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਹੋ ਗਿਆ।