ਫਾਜ਼ਿਲਕਾ: ਪ੍ਰੇਮ ਸਬੰਧਾਂ ਨੂੰ ਲੈ ਕੇ ਸਰਹੱਦੀ ਪਿੰਡ ਢਾਣੀ ਸਦਾ ਸਿੰਘ ਵਿੱਚ ਨੌਜਵਾਨ ਦੀ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿਤੀ ਗਈ।
ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਅੰਗਰੇਜ਼ ਸਿੰਘ (18) ਵਾਸੀ ਢਾਣੀ ਸਦਾ ਸਿੰਘ, ਫ਼ਾਜ਼ਿਲਕਾ ਨੂੰ 25 ਫ਼ਰਵਰੀ ਨੂੰ ਉਸ ਦੀ ਪ੍ਰੇਮਿਕਾ ਕਾਜਲ ਰਾਣੀ ਦਾ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਉਹ ਘਰ ਤੋਂ ਉਸ ਨੂੰ ਮਿਲਣ ਲਈ ਚੱਲਿਆ ਗਿਆ, ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ ਅਤੇ ਬਾਅਦ ’ਚ ਉਸ ਦੀ ਲਾਸ਼ ਪਿੰਡ ਕਾਵਾਂਵਾਲੀ 'ਚ ਦਰਿਆ ਵਿਚ ਤੈਰਦੀ ਮਿਲੀ।
ਇਸ ਮੌਕੇ ਥਾਣਾ ਸਦਰ ਦੇ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਕਾਵਾਂਵਾਲੀ ਦੇ ਦਰਿਆ ’ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ਼ ਕੀਤਾ ਸੀ। ਇਸ ਮਾਮਲੇ ਦੀ ਜਾਂਚ ਕਰਦਿਆਂ 24 ਘੰਟਿਆਂ ਵਿੱਚ ਨੌਜਵਾਨ ਦੇ ਹਤਿਆਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਅੰਗਰੇਜ਼ ਸਿੰਘ ਦੇ ਕਾਜਲ ਨਾਂਅ ਦੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਲਕੜੀ ਨੇ ਲੜਕੇ ਨੂੰ ਫ਼ੋਨ ਕਰ ਆਪਣੇ ਘਰ ਸੱਦਿਆ ਸੀ, ਜਿਥੇ ਲੜਕੀ ਦੇ ਪਿਤਾ ਅਤੇ ਤਾਏ ਨੇ ਅੰਗਰੇਜ ਸਿੰਘ ਦਾ ਕਤਲ ਕਰ ਦਿਤਾ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਲਾਸ਼ ਦਰਿਆ ਵਿੱਚ ਸੁੱਟ ਦਿਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪ੍ਰੇਮਿਕਾ ਅਤੇ ਉਸ ਦੇ ਤਾਏ ਨੂੰ ਗ੍ਰਿਫ਼ਤਾਰ ਕਰ ਅਦਾਲਤ ਤੋਂ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੇ ਲੜਕੀ ਨਾਬਾਲਿਗ ਹੋਣ ਕਾਰਨ ਉਸ ਨੂੰ ਜਲੰਧਰ ਦੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ।