ਫ਼ਾਜ਼ਿਲਕਾ: ਵਿਜੀਲੈਂਸ ਬਿਊਰੋ ਵੱਲੋਂ ਐਕਸਾਈਜ਼ ਵਿਭਾਗ ਦੇ ਏਐਸਆਈ ਨੂੰ 5500 ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਐਕਸਾਈਜ਼ ਵਿਭਾਗ ਦੇ ਏਐਸਆਈ ਗੁਰਨਾਮ ਸਿੰਘ ਫਿਰੋਜ਼ਪੁਰ 'ਚ ਤਾਇਨਾਤ ਸਨ।
ਫ਼ਾਜ਼ਿਲਕਾ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ ਰਾਜ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਮੇਜ ਸਿੰਘ ਹੈ ਜੋ ਕਿ ਫ਼ਾਜ਼ਿਲਕਾ ਦੇ ਪਿੰਡ ਸਵਾਇਆ ਰਾਏ ਉਤਾੜ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਗੁਰਮੇਜ ਸਿੰਘ ਦੇ ਘਰ 'ਚ ਸ਼ਰਾਬ ਦੇ ਠੇਕੇਦਾਰਾਂ ਅਤੇ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿਸ ਵਿੱਚ ਸ਼ਿਕਾਇਤ ਕਰਤਾ ਦੇ ਘਰ 'ਚੋਂ ਇੱਕ ਸ਼ਰਾਬ ਦੀ ਬੋਤਲ ਬਰਾਮਦ ਹੋਈ।
ਇਸ ਨੂੰ ਲੈ ਕੇ ਮੁਲਜ਼ਮ ਏ.ਐਸ.ਆਈ ਗੁਰਨਾਮ ਸਿੰਘ ਨੇ ਸ਼ਿਕਾਇਤ ਕਰਤਾ ਤੋਂ ਖ਼ਾਲੀ ਕਾਗਜਾਂ ਉੱਤੇ ਦਸਤਖ਼ਤ ਕਰਵਾ ਲਏ ਤੇ ਉਸ ਉੱਤੇ ਦਬਾਅ ਬਣਾਇਆ ਕਿ ਉਹ 10 ਹਜ਼ਾਰ ਰੁਪਏ ਜਮਾ ਕਰਵਾਏ ਨਹੀਂ ਤਾਂ ਉਸ ਉੱਤੇ ਨਾਜ਼ਾਇਜ ਸ਼ਰਾਬ ਦਾ ਪਰਚਾ ਕੀਤਾ ਜਾਵੇਗਾ। ਸ਼ਿਕਾਇਤ ਕਰਤਾ ਨੇ 10 ਹਜ਼ਾਰ ਦੀ ਰਕਮ ਨੂੰ ਘੱਟ ਕਰਵਾ ਕੇ 7500 ਰੁਪਏ ਕਰ ਦਿੱਤਾ ਜਿਸ 'ਚੋਂ ਸ਼ਿਕਾਇਤ ਕਰਤਾ ਨੇ ਪਹਿਲਾਂ ਹੀ ਮੁਲਜ਼ਮ ਨੂੰ 2500 ਰੁਪਏ ਦੇ ਦਿੱਤੇ ਸੀ। ਜਦੋਂ ਗੁਰਮੇਜ ਸਿੰਘ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਵਿਜੀਲੈਂਸ ਵਿਭਾਗ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਏਐਸਆਈ ਨੂੰ ਰੰਗੀ ਹੱਥੀਂ ਕਾਬੂ ਕਰ ਲਿਆ।
ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਦਾ ਭਰਾ ਸ਼ਰਾਬ ਪੀਣ ਦਾ ਆਦੀ ਹੈ ਜਿਸ ਦੇ ਚੱਲਦੇ ਉਨ੍ਹਾਂ ਦੇ ਘਰ ਵਿੱਚੋ ਇੱਕ ਸ਼ਰਾਬ ਬੋਤਲ ਬਰਾਮਦ ਹੋਈ। ਇਸ ਤੋਂ ਬਾਅਦ ਮੁਲਜ਼ਮ ਵੱਲੋਂ ਉਨ੍ਹਾਂ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਵਿਜੀਲੈਂਸ ਵਿਭਾਗ ਨੂੰ ਸੂਚਿਤ ਕਰਕੇ ਏਐਸਆਈ ਖਿਲਾਫ਼ ਮਾਮਲਾ ਦਰਜ ਕਰਵਾਇਆ। ਇਸ 'ਤੇ ਕਾਰਵਾਈ ਕਰਦੇ ਵਿਜੀਲੈਂਸ ਮਹਿਕਮੇ ਨੇ ਏਐਸਆਈ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ:ਬਿਨਾਂ ਮਨਜੂਰੀ ਦੇ ਪ੍ਰਦਰਸ਼ਨ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ