ਫ਼ਾਜ਼ਿਲਕਾ: ਥਾਣਾ ਖੁਈਆ ਸਰਵਰ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਤਹਿਤ ਇੱਕ ਘੋੜਾ ਟਰਾਲਾ ਕਾਬੂ ਕੀਤਾ ਹੈ, ਜਿਸ ਵਿੱਚੋਂ 6 ਕੁਇੰਟਲ ਤੋਂ ਵੱਧ ਚੂਰਾ ਪੋਸਤ ਅਤੇ 40 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
ਐਸਐਚਓ ਰਮਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਉਸਮਾਨਖੇੜੇ ਨਜ਼ਦੀਕ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੇ ਰਾਜਸਥਾਨ ਵਾਲੇ ਪਾਸਿਓਂ ਆ ਰਹੇ ਇੱਕ ਘੋੜਾ ਟਰਾਲੇ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਪਲਾਸਟਿਕ ਦੇ ਗੱਟੇ ਬਰਾਮਦ ਕੀਤੇ ਗਏ। ਇਹ ਗੱਟੇ ਟਰਾਲੇ ਵਿੱਚ ਲੱਦੇ ਸਾਮਾਨ ਦੇ ਹੇਠਾਂ ਸਨ। ਜਦੋਂ ਇਨ੍ਹਾਂ ਨੂੰ ਤਲਾਸ਼ੀ ਕਰਦਿਆਂ ਵੇਖਿਆ ਗਿਆ ਤਾਂ ਭੁੱਕੀ ਚੁਰਾ ਪੋਸਤ ਪਾਇਆ ਗਿਆ, ਜਿਸਦਾ ਵਜ਼ਨ 6 ਕੁਵਿੰਟਲ 25 ਕਿੱਲੋ ਸੀ। ਇਸਦੇ ਨਾਲ ਹੀ 40 ਹਜ਼ਾਰ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਟਰਾਲਾ ਚਾਲਕ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਮਾਨਾਂਵਾਲੀ ਅਤੇ ਗੁਰਮੀਤ ਸਿੰਘ ਉਰਫ਼ ਮੱਤਾ ਵਾਸੀ ਪਿੰਡ ਵਾਦੀਆ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।