ਫ਼ਾਜ਼ਿਲਕਾ: ਜਿਲ੍ਹਾ ਫ਼ਾਜ਼ਿਲਕਾ ਦੀ ਇਤਿਹਾਸਕ ਇਮਾਰਤ ਰਘੁਵਰ ਭਵਨ ਸਰਕਾਰਾਂ ਅਤੇ ਅਧੀਕਾਰੀਆਂ ਦੀ ਅਣਗਹਿਲੀ ਕਾਰਨ ਖੰਡਰ ਦਾ ਰੂਪ ਧਾਰ ਰਹੀ ਹੈ। ਇਹ ਇਮਾਰਤ ਭਾਰਤ-ਪਾਕਿ ਸਰਹੱਦ 'ਤੇ ਵਸੇ ਸ਼ਹਿਰ ਫ਼ਾਜ਼ਿਲਕਾ 'ਚ ਸਥਿਤ ਹੈ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਸਰਕਾਰ ਵੱਲੋਂ ਇਸ ਇਮਾਰਤ ਨੂੰ ਸਾਂਭਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਿਸ ਕਾਰਨ ਬੀਤੀ ਰਾਤ ਤੋਜ਼ ਹਵਾ ਕਾਰਨ ਇਮਾਰਤ ਦਾ ਮੁੱਖ ਗੇਟ ਡਿੱਗ ਗਿਆ ਅਤੇ ਉਸ ਹਿੱਸੇ ਦੀ ਛੱਤ ਵੀ ਥੱਲ੍ਹੇ ਆ ਗਈ ਹੈ।
118 ਸਾਲ ਪੁਰਾਣੀ ਇਹ ਇਮਾਰਤ ਬਿਹਤਰੀਨ ਇੰਜੀਨੀਅਰਿੰਗ ਅਤੇ ਕਲਾਕਾਰੀ ਦਾ ਸੁਮੇਲ ਹੈ ਜਿਸ ਵਿੱਚ ਸੁੰਦਰ ਕਲਾਕ੍ਰਿਤੀਆਂ ਹਿੰਦੂ, ਮੁਗਲ ਕਾਲ ਅਤੇ ਦੇਸ਼ 'ਤੇ ਰਾਜ ਕਰਨ ਵਾਲੇ ਬ੍ਰਿਟਿਸ਼ ਕਾਲੀਨ ਇਤਿਹਾਸ ਦੀ ਯਾਦ ਤਾਜ਼ਾ ਕਰਵਾਉਂਦੀਆਂ ਹਨ। ਸ਼ਹਿਰਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਇਮਾਰਤ ਦੇ ਪਹਿਲੇ ਤਿੰਨ ਕਮਰੇ ਅਤੇ ਭਵਨ ਦੀ ਛੱਤ ਨੂੰ ਜਾਂਦੀਆਂ ਪੌੜੀਆਂ ਡਿੱਗ ਚੁੱਕੀਆਂ ਹਨ ਅਤੇ ਬਾਕੀ ਇਮਾਰਤ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ ਜੋ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਭਵਨ ਦੇ ਸਿਰਫ਼ ਦੋ ਕਮਰੇ ਹੀ ਬਚੇ ਹਨ ਅਤੇ ਇਮਾਰਤ ਕਿਸੇ ਸਮੇਂ ਵੀ ਡਿੱਗ ਸਕਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਇਮਾਰਤ ਦੀ ਹੋਂਦ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਅਤੇ ਵਿਭਾਗ ਦੀ ਅਣਦੇਖੀ ਕਾਰਨ ਬੇਸ਼ਕੀਮਤੀ ਇਮਾਰਤ ਆਪਣੀ ਬਰਬਾਦੀ ਦੇ ਕਰੀਬ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਥਾਂ ਨੂੰ ਕੁਝ ਸਾਲ ਪਹਿਲਾਂ ਨਗਰ ਸੁਧਾਰ ਟਰਸਟ ਨੇ ਆਪਣੇ ਕਬਜ਼ੇ 'ਚ ਲਿਆ ਸੀ ਪਰ ਉਸ ਵੱਲੋਂ ਵੀ ਕੋਈ ਸੰਭਾਲ ਜਾਂ ਫਿਰ ਇਸ ਨੂੰ ਬਚਾਉਣ ਦਾ ਉਪਰਾਲਾ ਨਹੀਂ ਕੀਤਾ ਗਿਆ ਜਿਸ ਕਰਕੇ ਅੱਜ ਇਹ ਹਾਲਾਤ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਇਮਾਰਤ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਣਗੇ ਭਾਵੇਂ ਉਨ੍ਹਾਂ ਨੂੰ ਅਦਾਲਤ ਦਾ ਬੂਹਾ ਹੀ ਕਿਉਂ ਨਾ ਖੜਕਾਉਣਾ ਪਵੇ।
ਇਹ ਵੀ ਪੜ੍ਹੋ-ਯਮੂਨਾ ਐਕਸਪ੍ਰੈਸਵੇਅ 'ਤੇ ਦਰਦਨਾਕ ਹਾਦਸਾ: ਬੱਸ ਨਾਲ਼ੇ 'ਚ ਡਿੱਗੀ, 29 ਲੋਕਾਂ ਦੀ ਮੌਤ