ਫ਼ਾਜ਼ਿਲਕਾ: ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਵੱਧ ਤੋਂ ਵੱਧ ਡਿਲੀਵਰੀ ਕਰਵਾਉਣ ਅਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਪਿਛਲੇ ਦਿਨੀਂ ਡਿਲੀਵਰੀ ਲਈ ਆਈ ਇੱਕ ਮਹਿਲਾ ਦੇ ਬੱਚੇ ਦੀ ਡਲੀਵਰੀ ਦੌਰਾਨ ਮੌਤ ਹੋ ਗਈ।
ਇਸ ਤੋਂ ਬਾਅਦ ਮਹਿਲਾ ਦੀ ਹਾਲਤ ਖ਼ਰਾਬ ਹੋਣ ਕਰਕੇ ਉਸ ਨੂੰ ਫ਼ਰੀਦਕੋਟ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਪਰ ਰਾਹ ਵਿਚ ਹੀ ਮਹਿਲਾ ਨੇ ਦਮ ਤੋੜ ਦਿੱਤਾ ਜਿਸ ਦੇ ਚਲਦਿਆਂ ਸ਼ੁੱਕਰਵਾਰ ਨੂੰ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਅਬੋਹਰ ਦੇ ਡਾਕਟਰਾਂ 'ਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਹਸਪਤਾਲ ਵਿੱਚ ਧਰਨਾ ਲਗਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਨੰਬਰ 1 ਦੀ ਪੁਲਿਸ ਹਸਪਤਾਲ ਵਿੱਚ ਪਹੁੰਚੀ ਅਤੇ ਦੋਵਾਂ ਪੱਖਾਂ ਦੇ ਬਿਆਨਾਂ ਨੂੰ ਕਲਮਬੱਧ ਕਰ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਅਜੀਤ ਨਗਰ ਨਿਵਾਸੀ ਵਿੱਦਿਆ ਦੇਵੀ ਨੂੰ ਡਲੀਵਰੀ ਲਈ ਆਸ਼ਾ ਵਰਕਰ ਦੀ ਮਦਦ ਨਾਲ ਹਸਪਤਾਲ ਵਿੱਚ ਡਲੀਵਰੀ ਲਈ ਲਿਆਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਨਾਜੁਕ ਦੱਸਦੇ ਹੋਏ ਤੁੰਰਤ ਡਿਲਵਰੀ ਕਰ ਦਿੱਤੀ। ਹਸਪਤਾਲ ਵਿੱਚ ਮਹਿਲਾ ਰੋਗ ਮਾਹਰ ਡਾਕਟਰ ਨਾ ਹੋਣ ਤੇ ਸਟਾਫ਼ ਨਰਸ ਨੇ ਐੱਸਐੱਮਓ ਨੂੰ ਇਸਦੀ ਜਾਣਕਾਰੀ ਦਿੱਤੀ ਤਾਂ ਹਸਪਤਾਲ ਵਲੋਂ ਇੱਕ ਨਿੱਜੀ ਡਾਕਟਰ ਨੂੰ ਬੁਲਾ ਕੇ ਡਿਲੀਵਰੀ ਪ੍ਰਕਿਰਿਆ ਸ਼ੁਰੂ ਕਰਵਾਈ ਤਾਂ ਡਿਲੀਵਰੀ ਦੇ ਦੌਰਾਨ ਬੱਚੇ ਦੀ ਮੌਤ ਹੋ ਗਈ। ਇਸਦੇ ਬਾਅਦ ਡਾਕਟਰੀ ਸਟਾਫ਼ ਨੇ ਮਹਿਲਾ ਦੀ ਹਾਲਤ ਗੰਭੀਰ ਹੋਣ ਦੀ ਗੱਲ ਕਹਿ ਕੇ ਉਸ ਨੂੰ ਫ਼ਰੀਦਕੋਟ ਰੈਫਰ ਕਰਨ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ: ਮਾਸਟਰ ਮੋਟੀਵੇਟਰ ਯੂਨੀਅਨ ਦੇ ਮੁਲਾਜ਼ਮਾਂ ਦੀ ਹੜਤਾਲ 29ਵੇਂ ਦਿਨ ਵੀ ਜਾਰੀ
ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਡਾਕਟਰੀ ਸਟਾਫ਼ ਦੀ ਲਾਪਰਵਾਹੀ ਦੇ ਚਲਦੇ ਹੀ ਵਿੱਦਿਆ ਦੇਵੀ ਦੇ ਬੱਚੇ ਦੀ ਮੌਤ ਹੋਈ ਹੈ ਅਤੇ ਡਿਲੀਵਰੀ ਤੋਂ ਬਾਅਦ ਉਨ੍ਹਾਂ ਤੋਂ ਵਿੱਦਿਆ ਦੇਵੀ ਦੀ ਬਲੀਡਿੰਗ ਨਹੀਂ ਬੰਦ ਹੋਈ ਤਾਂ ਉਨ੍ਹਾਂ ਨੇ ਕਾਹਲੀ ਵਿੱਚ ਉਸਨੂੰ ਰੈਫਰ ਕਰ ਦਿੱਤਾ ਪਰ ਉਸ ਦੀ ਰਾਹ ਵਿਚ ਹੀ ਮੌਤ ਹੋ ਗਈ। ਐਬੂਲੇਂਸ ਚਾਲਕ ਉਨ੍ਹਾਂ ਨੂੰ ਵਾਪਸ ਅਬੋਹਰ ਲਿਆਉਣ ਦੀ ਬਜਾਏ ਮਲੋਟ ਦੇ ਹਸਪਤਾਲ ਵਿੱਚ ਛੱਡ ਕੇ ਅਬੋਹਰ ਚਲਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕਾ ਦੀ ਲਾਸ਼ ਲੈਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਰੋਸ ਵਜੋ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਪ੍ਰਸ਼ਾਸਨ ਵਿਰੁੱਧ ਧਰਨਾ ਲਗਾਇਆ।
ਐੱਸਐੱਮਓ ਡਾ. ਅਮਿਤਾ ਚੌਧਰੀ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰੀ ਸਟਾਫ਼ ਘੱਟ ਹੈ ਅਤੇ ਮਰੀਜ਼ ਜ਼ਿਆਦਾ ਹੋਣ ਕਾਰਨ ਉਨ੍ਹਾਂ ਉੱਤੇ ਕੰਮ ਦਾ ਜ਼ਿਆਦਾ ਬੋਝ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਸਰੀਰ ਵਿੱਚ ਖੂਨ ਸਿਰਫ਼ 5 ਗਰਾਮ ਹੀ ਸੀ ਅਤੇ ਜਦੋਂ ਉਸਨੂੰ ਇੱਥੇ ਲਿਆਇਆ ਗਿਆ ਤਾਂ ਡਲੀਵਰੀ ਨਜ਼ਦੀਕ ਹੋਣ ਕਾਰਨ ਡਿਲਵਰੀ ਕਰਨਾ ਜ਼ਰੂਰੀ ਹੋ ਗਿਆ ਸੀ ਪਰ ਬੱਚਾ ਮ੍ਰਿਤਕ ਪੈਦਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਰੈਫ਼ਰ ਕਰ ਦਿੱਤਾ।