ਫ਼ਾਜ਼ਿਲਕਾ: ਸ਼ਹਿਰ ਵਿੱਚ ਨੌਜਵਾਨ ਕੁੜੀਆਂ ਵੱਲੋਂ ਨਸ਼ਾ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਥਾਨਕ ਪੁਲਿਸ ਨੇ 3 ਨੌਜਵਾਨ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਇਨ੍ਹਾਂ ਕੋਲੋਂ 1020 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ: ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਫੂਲਕਾ ਦੀ ETV ਭਾਰਤ ਨਾਲ ਖ਼ਾਸ ਗੱਲਬਾਤ
ਇਸ ਬਾਰੇ ਐੱਸਐੱਚਓ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕੁੱਝ ਨੌਜਵਾਨ ਕੁੜੀਆਂ ਦਾ ਗਿਰੋਹ ਨਸ਼ੇ ਦੇ ਕੰਮ-ਕਾਜ 'ਚ ਸ਼ਾਮਿਲ ਹੈ। ਇਸ ਤਹਿਤ ਪੁਲਿਸ ਨੇ ਪਿੰਡ ਨੁਕੇਰੀਆਂ ਕੋਲ ਨਾਕੇਬੰਦੀ ਕਰਕੇ ਸ਼ੱਕ ਦੇ ਆਧਾਰ 'ਤੇ ਮੋਟਰਸਾਈਕਲ 'ਤੇ ਸਵਾਰ ਕੁੜੀਆਂ ਨੂੰ ਰੋਕਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਕੁੜੀਆਂ ਕੋਲੋਂ 1020 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਇਹ ਕੁੜੀਆਂ ਪਿੰਡ ਕਾਠਗੜ ਅਤੇ ਨੁਕੇਰੀਆਂ ਦੀਆਂ ਰਹਿਣ ਵਾਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਇੱਕ ਹੋਰ ਸਾਥੀ ਹੈ, ਜੋ ਕਿ ਫ਼ਰਾਰ ਹੈ।
ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ, ਪੰਜਾਬ ਸਰਕਾਰ ਵੱਲੋਂ ਨਸ਼ੇ 'ਤੇ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਯਤਨ ਕਿਤੇ ਨਾ ਕਿਤੇ ਅਸਫ਼ਲ ਹੁੰਦੇ ਨਜ਼ਰ ਆ ਰਹੇ ਹਨ। ਪਹਿਲਾਂ ਜਿੱਥੇ ਨਸ਼ੇ ਦੀ ਖੇਪ ਵਿੱਚ ਨੌਜਵਾਨ ਗ਼ਲਤਾਨ ਸਨ ਤੇ ਹੁਣ ਕੁੜੀਆਂ ਵੱਲੋਂ ਵੀ ਨਸ਼ਾ ਵੇਚਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਵੇਖਣਾ ਇਹ ਹੈ ਕੀ ਪੰਜਾਬ ਸਰਕਾਰ ਨਸ਼ੇ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਵਿੱਚ ਸਫ਼ਲ ਹੁੰਦੀ ਹੈ?