ਫਾਜ਼ਿਲਕਾ: ਭਾਵੇਂ ਸਰਕਾਰ (Government) ਵੱਲੋਂ ਨਾਜਾਇਜ਼ ਰੇਤ ਮਾਈਨਿੰਗ (Illegal sand mining) ‘ਤੇ ਲਗਾਮ ਲਗਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਆਏ ਦਿਨ ਹੋ ਰਹੀ ਨਾਜਾਇਜ਼ ਰੇਤ ਮਾਈਨਿੰਗ ਨੇ ਸਾਰੇ ਸਰਕਾਰੀ ਦਾਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹੋਰ ਤਾਂ ਹੋਰ ਰੇਤ ਮਾਇਨਿੰਗ ਕਰਨ ਵਾਲਿਆਂ ਦੇ ਹੌਸਲੇ ਦਿਨੋਂ-ਦਿਨ ਇੰਨ੍ਹੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਕਿਸੇ ਦੀ ਜਾਨ ਲੈਣ ਤੋਂ ਵੀ ਬਾਜ਼ ਨਹੀਂ ਆ ਰਹੇ। ਇਸੇ ਤਰ੍ਹਾਂ ਫਾਜ਼ਿਲਕਾ ਦੇ ਪਿੰਡ ਵੱਲ੍ਹੇ ਸ਼ਾਹ ਉਤਾੜ ਉਰਫ ਨੂਰਸ਼ਾਹ ਵਿੱਚ ਬੀਤੀ ਰਾਤ ਨਾਜਾਇਜ਼ ਮਾਈਨਿੰਗ ਕਰਨ ਵਾਲੇ ਇੱਕ ਵਿਅਕਤੀ ਨੇ ਪਿੰਡ ਦੇ ਹੀ ਇੱਕ ਵਿਅਕਤੀ ‘ਤੇ ਰੇਤ ਦਾ ਭਰਿਆ ਟਰੈਕਟਰ ਚੜ੍ਹਾ ਦਿੱਤਾ। ਇਸ ਹਾਦਸੇ ਦੇ ਵਿੱਚ ਸ਼ਖ਼ਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਪਿੰਡ ਨੂਰਸ਼ਾਹ ਤੋਂ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਘਰ ਦੇ ਨਜਦੀਕ ਹੀ ਨਾਜਾਇਜ਼ ਰੇਤ ਕੱਢ ਕੇ ਲਿਆ ਰਹੇ ਟਰੈਕਟਰ ਚਾਲਕ ਸਵਰਨ ਸਿੰਘ (ਪੰਮਾ) ਨੇ ਆਪਣਾ ਟਰੈਕਟਰ ਉਨ੍ਹਾਂ ਦੇ ਪਰਿਵਾਰਿਕ ਮੈਂਬਰ‘ਤੇ ਚੜ੍ਹਾ ਦਿੱਤਾ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਨਾਜਾਇਜ਼ ਰੇਤ ਮਾਇੰਨਿੰਗ (Illegal sand mining) ਕਰਦਾ ਆ ਰਿਹਾ ਸੀ। ਜਿਸਦੀ ਸ਼ਿਕਾਇਤ ਵੀ ਕਈ ਵਾਰੀ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਉਸਨੂੰ ਨਾਜਾਇਜ਼ ਰੇਤ ਮਾਈਨਿੰਗ ਕਰਨ ਤੋਂ ਰੋਕਿਆ ਵੀ ਗਿਆ, ਪਰ ਉਹ ਨਹੀਂ ਰੁਕਿਆ।
ਉਨ੍ਹਾਂ ਦੱਸਿਆ ਕਿ ਇਸਦੀ ਰੰਜਿਸ਼ ਰੱਖਦਿਆਂ ਹੋਇਆਂ ਬੀਤੀ ਰਾਤ ਉਸਨੇ ਰੇਤ ਦੀ ਭਰੀ ਹੋਈ ਟਰੈਕਟਰ ਟਰਾਲੀ ਉਸ ਉੱਪਰ ਚੜ੍ਹਾ ਕੇ ਉਸਨੂੰ ਕੁਚਲ ਦਿੱਤਾ। ਜਿਸਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਓਧਰ ਪੁਲਸ ਵੱਲੋਂ ਪਹਿਲਾਂ ਆਪਣੀ ਖਾਨਾਪੁਰਤੀ ਕਰਦਿਆਂ ਹੋਇਆਂ ਮੁਲਜ਼ਮ ਵਿਅਕਤੀ ਸਵਰਨ ਸਿੰਘ ਤੇ ਧਾਰਾ 304 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਰੋਸ ਜਤਾਉਂਦਿਆਂ ਹੋਇਆਂ ਧਾਰਾ 302 ਅਤੇ ਮਾਇੰਨਿਗ ਐਕਟ(Mining Act) ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਜਿਸਤੋਂ ਬਾਅਦ ਆਖਿਰਕਾਰ ਪੁਲਿਸ ਅਧਿਕਾਰੀਆਂ ਨੂੰ ਧਾਰਾ 302 ਲਗਾ ਕੇ ਕਾਰਵਾਈ ਵਿਚ ਵਾਧਾ ਕਰਨਾ ਪਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਮਾਮਲਾ: 'ਆਪ' ਵੱਲੋਂ ਰਾਜ ਭਵਨ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ, ਪ੍ਰਸ਼ਾਸ਼ਨ ਨਾਲ ਟਾਕਰੇ