ਫਾਜ਼ਿਲਕਾ: ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾਂ ਫਾਜ਼ਿਲਕਾ ਦੇ ਡਾਕਟਰਾਂ ਨੇ ਪੰਜਾਬ ਕਲੀਨਿਕਲ ਇਸਟੈਬਲਿਸ਼ਮੇਂਟ ਐਕਟ 2020 ਨੂੰ ਲਾਗੂ ਨਾ ਕਰਣ ਲਈ ਐਤਵਾਰ ਨੂੰ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ ਮੈਮੋਰੰਡਮ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਐਕਟ ਨੂੰ ਪੰਜਾਬ ਵਿੱਚ ਲਾਗੂ ਨਾ ਕਰਣ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ.ਰਮੇਸ਼ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾਣ ਵਾਲਾ ਨਵਾਂ ਐਕਟ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਰਕਾਰ ਦੇ ਹੁਕਮਾਂ ਮੁਤਾਬਕ ਕੋਵਿਡ-19 ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਹੈ ਪਰ ਹੁਣ ਸਰਕਾਰ ਪੰਜਾਬ ਕਲੀਨਿਕਲ ਇਸਟੈਬਲਿਸ਼ਮੇਂਟ ਐਕਟ ਲਾਗੂ ਕਰਣ ਜਾ ਰਹੀ ਹੈ ਜਿਸ ਦੇ ਨਾਲ ਡਾਕਟਰਾਂ ਨੂੰ ਭਾਰੀ ਨੁਕਸਾਨ ਝਲਣਾ ਪਵੇਗਾ ਅਤੇ ਇਸ ਨਾਲ ਆਮ ਵਰਗ ਉੱਤੇ ਵੀ ਬੋਝ ਵਧੇਗਾ।
ਡਾ.ਵਿਵੇਕ ਮੁੰਜਾਲ ਨੇ ਦੱਸਿਆ ਕਿ ਉਨ੍ਹਾਂ ਨੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਨੂੰ ਪੰਜਾਬ ਦੇ ਸਿਹਤ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ 'ਤੇ ਮੈਮੋਰੰਡਮ ਦਿੱਤਾ ਹੈ ਕਿ ਇਹ ਐਕਟ ਲਾਗੂ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਇਸ ਨੂੰ ਲਾਗੂ ਕਰਦੀ ਹੈ ਤਾਂ ਇਸ ਲਈ ਉਨ੍ਹਾਂ ਨੂੰ ਸਰਕਾਰ ਖ਼ਿਲਾਫ ਸੰਘਰਸ਼ ਕਰਣਾ ਪਵੇਗਾ।
ਇਸ ਮੌਕੇ ਵਿਧਾਇਕ ਦਵਿੰਦਰ ਘੁਬਾਇਆ ਨੇ ਦੱਸਿਆ ਕਿ ਫਾਜ਼ਿਲਕਾ ਦੇ ਡਾਕਟਰਾਂ ਨੇ ਕੋਵਿਡ - 19 ਦੇ ਚਲਦੇ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਈ ਹੈ ਅਤੇ ਇਨ੍ਹਾਂ ਨੂੰ ਦਿੱਤਾ ਗਿਆ ਇਹ ਮੈਮੋਰੰਡਮ ਉਹ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਭੇਜਣਗੇ ਅਤੇ ਇਹ ਐਕਟ ਲਾਗੂ ਨਾ ਕਰਵਾਉਣ ਵਿੱਚ ਪੰਜਾਬ ਸਰਕਾਰ ਤੋਂ ਅਪੀਲ ਕਰਨਗੇ।
ਦੱਸ ਦਈਏ ਕਿ ਇਸ ਐਕਟ ਵਿੱਚ ਪੰਜਾਬ ਸਰਕਾਰ ਉਨ੍ਹਾਂ ਪ੍ਰਾਇਵੇਟ ਹਸਪਤਾਲਾਂ ਨੂੰ ਆਪਣੇ ਅਧੀਨ ਲਵੇਗੀ ਜਿਨ੍ਹਾਂ ਵਿੱਚ 50 ਬੇਡ ਦੀ ਸਹੂਲਤ ਹੋਵੇਗੀ ਅਤੇ ਜੇਕਰ ਜ਼ਰੂਰਤ ਪਈ ਤਾਂ ਉੱਥੇ ਕੋਵਿਡ-19 ਜਾਂ ਕੋਈ ਹੋਰ ਗੰਭੀਰ ਬਿਮਾਰੀ ਦਾ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਵੀ ਭਰਤੀ ਕੀਤਾ ਜਾਵੇਗਾ।