ਫ਼ਾਜ਼ਿਲਕਾ: ਕੋਰੋਨਾ ਵਾਇਰਸ ਦੇ ਵੱਧਦੇ ਫੈਲਾਅ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੂਰੇ ਦੇਸ਼ ਨੂੰ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ ਪੰਜਾਬ ਸੂਬੇ ਦੇ ਸਿਵਲ ਹਸਪਤਾਲਾਂ ਦੇ ਵਿੱਚ ਕੁੱਝ ਖਾਸ ਸੁਵਿਧਾਵਾਂ ਨਹੀਂ ਹਨ। ਇਸ ਨੂੰ ਧਿਆਨ 'ਚ ਦੇਖਦੇ ਹੋਏ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਨੇ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਨੂੰ 4 ਵੈਂਟੀਲੇਂਟਰ ਮਸ਼ੀਨਾਂ ਤੇ ਡਾਕਟਰਾਂ ਨੂੰ ਪ੍ਰੋਟੈਕਸ਼ਨ ਕਿੱਟਾਂ ਭੇਟ ਕੀਤੀਆਂ।
ਐਮ.ਐਲ.ਏ ਰਮਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਜਿੱਥੇ ਪੂਰੀ ਦੁਨੀਆ ਲੜਾਈ ਲੜ ਰਹੀ ਹੈ ਉਥੇ ਹੀ ਸੂਬੇ ਦੇ ਸਿਵਲ ਹਸਪਤਾਲ 'ਚ ਕੁਝ ਖ਼ਾਸ ਸੁਵਿਧਾ ਨਹੀਂ ਹੈ। ਇਸ ਮੁੱਖ ਰੱਖਦੇ ਹੋਏ ਐਮਐਲਏ ਨੇ 4 ਵੈਂਟੀਲੇਟਰ ਮਸ਼ੀਨਾਂ ਦੇਣ ਦਾ ਸੋਚਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮਹਾਮਾਰੀ ਨਾਲ ਦਿਨ-ਬ-ਦਿਨ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਲਈ ਉਨ੍ਹਾਂ ਨੇ ਆਪਣੇ ਨਿੱਜੀ ਫੰਡ ਵਿੱਚੋਂ 4 ਵੈਂਟੀਲੇਟਰ ਮਸ਼ੀਨਾਂ ਮੰਗਵਾਈਆਂ ਹਨ ਜਿਸ ਚੋਂ ਦੋ ਮਸ਼ੀਨਾਂ ਜਲਾਲਾਬਾਦ ਸਿਵਲ ਹਸਪਤਾਲ ਨੂੰ ਤੇ ਦੋ ਮਸ਼ੀਨਾਂ ਫ਼ਾਜ਼ਿਲਕਾ ਸਿਵਲ ਹਸਪਤਾਲ ਨੂੰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਲੌਕਡਾਊਨ ਹੋਣ 'ਤੇ ਸ਼ਰਧਾਲੂਆਂ ਨੇ ਘਰਾਂ 'ਚ ਹੀ ਮਨਾਈ ਨਵਰਾਤਰੀ
ਫ਼ਾਜ਼ਿਲਕਾ ਦੇ ਡੀ.ਸੀ ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ। ਇਸ ਤਹਿਤ ਸੂਬਾ ਸਰਕਾਰ ਵੱਲੋਂ ਹਸਪਤਾਲ 'ਚ ਸਟਾਫ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਜਲਾਲਾਬਾਦ ਦੇ ਐਮਐਲਏ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਬਾਕੀ ਸਿਆਸਤਦਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ।
ਉਨ੍ਹਾਂ ਨੇ ਦੱਸਿਆ ਕਰਫਿਊ ਦੌਰਾਨ ਉਨ੍ਹਾਂ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਦਵਾਈ ਤੇ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।