ਫਾਜ਼ਿਲਕਾ: ਜਲਾਲਾਬਾਦ ਦੇ ਬਾਹਮਣੀ ਬਜ਼ਾਰ ਵਿੱਚ ਇੱਕ ਅਨੇਜਾ ਟੇਲੀਕਾਮ ਨਾਂਅ ਦੀ ਦੁਕਾਨ 'ਤੇ ਦਰਜ਼ਨ ਭਰ ਗੁੰਡਿਆਂ ਨੇ ਜਿੱਥੇ ਦੁਕਾਨ 'ਚ ਭੰਨ ਤੋੜ ਕੀਤੀ ਉੱਥੇ ਹੀ ਦੁਕਾਨਦਾਰ ਅਮਨਦੀਪ ਨਾਲ ਕੁੱਟਮਾਰ ਵੀ ਕੀਤੀ ਹੈ। ਕੁੱਟਮਾਰ ਦੀ ਇਹ ਸਾਰੀ ਵੀਡੀਓ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ ਜਿਸ ਦੇ ਅਧਾਰ ਤੇ ਪੁਲਿਸ ਪੜਤਾਲ ਕਰ ਰਹੀ ਹੈ।
ਅਨੇਜਾ ਟੇਲੀਕਾਮ ਦੇ ਸੰਚਾਲਕ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਦੀ ਦੁਕਾਨ ਤੋਂ ਕੁੱਝ ਦਿਨ ਪਹਿਲਾਂ ਮੋਬਾਇਲ ਚੋਰੀ ਹੋਏ ਸਨ ਜਿਸਦੀ ਸੀਸੀਟੀਵੀ ਫੁਟੇਜ ਉਸਨੇ ਵਾਇਰਲ ਕੀਤੀ ਸੀ। ਫੁਟੇਜ ਵਾਇਰਲ ਕਰਨ ਤੋਂ ਬਾਅਦ ਮੋਬਾਇਲ ਚੋਰਾਂ ਦੀ ਪਛਾਣ ਹੋਈ ਸੀ ਜਿਸਦੇ ਚਲਦੇ ਉਹ ਉਨ੍ਹਾਂ ਦੇ ਪਿੰਡ ਜਾ ਆਪਣੇ ਚੋਰੀ ਹੋਏ ਮੋਬਾਇਲ ਵਾਪਸ ਲੈ ਕੇ ਆਏ ਸਨ। ਅਮਨਦੀਪ ਨੇ ਦੱਸਿਆ ਕਿ ਉਸ ਸਮੇਂ ਚੋਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਨਾਲ ਨਿੱਬੜ ਲੈਣਗੇ ਅਤੇ ਅੱਜ ਉਹ 10-12 ਗੁੰਡੇ ਨਾਲ ਲੈ ਕੇ ਦੁਕਾਨ ਵਿੱਚ ਆ ਗਏ ਤੇ ਮਾਰ ਕੁੱਟ ਕਰਨ ਲਗ ਪਏ, ਜਿਨ੍ਹਾਂ ਦੇ ਹੱਥ ਵਿੱਚ ਡਾਂਗਾ ਅਤੇ ਤੇਜ਼ਧਾਰ ਹਥਿਆਰ ਸਨ। ਝੜਪ 'ਚ ਅਮਨਦੀਪ ਨੂੰ ਕਈ ਸੱਟਾਂ ਲੱਗੀਆਂ ਹਨ।
ਮਾਮਲੇ ਦੀ ਪੜਤਾਲ ਕਰ ਰਹੇ ਜਲਾਲਾਬਾਦ ਦੇ ਏਐਸਆਈ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਨੂੰ ਵਧੇਰੇ ਸੱਟਾਂ ਲੱਗੀਆ ਹਨ ਉਸ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਦੀ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਪਛਾਣ ਕੀਤੀ ਜਾ ਰਹੀ ਹੈ।