ਫ਼ਾਜ਼ਿਲਕਾ: ਪਿੰਡ ਚੱਕ ਜਾਨੀਸਰ ਦੇ ਨੌਜਵਾਨ ਨੂੰ ਮਨੀਲਾ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸੂਚਨਾ ਹੈ, ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਨੌਜਵਾਨ ਪਰਵਿੰਦਰ ਸਿੰਘ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਮ੍ਰਿਤਕ ਦੀ ਪਤਨੀ ਸੁਖਪ੍ਰੀਤ ਕੌਰ ਅਤੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਰੋਟੀ ਦੀ ਭਾਂਲ 'ਚ ਪਲਫੇਨ ਦੀ ਰਾਜਧਾਨੀ ਮਨੀਲਾ ਵਿਖੇ 22 ਸਾਲ ਪਹਿਲਾਂ ਗਿਆ ਸੀ। ਉਹ ਇਥੇ ਆਪਣਾ ਫ਼ਾਈਨਾਂਸ ਦਾ ਬਿਜ਼ਨਸ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਦੀ ਮੌਤ ਬਾਰੇ ਉਸ ਕੋਲ ਕੰਮ ਕਰਦੇ ਇੱਕ ਨੌਕਰ ਨੇ ਹੀ ਫੋਨ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 6 ਅਕਤੂਬਰ ਨੂੰ ਪਰਵਿੰਦਰ ਮਨੀਲਾ ਵਿਖੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਜਿੰਮ ਗਿਆ। ਉਪਰੰਤ ਉਹ ਆਪਣੇ ਕੰਮ 'ਤੇ ਗਿਆ ਸੀ। ਇਸ ਦੌਰਾਨ ਹੀ ਉਸ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੇ ਪਿੱਛੋਂ ਪਰਵਿੰਦਰ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਮੋਟਰਸਾਈਕਲ 'ਤੇ ਦੋਵੇਂ ਫ਼ਰਾਰ ਹੋ ਗਏ।
ਪਰਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿਆਹਿਆ ਹੋਇਆ ਹੈ ਅਤੇ ਇੱਕ ਅਜੇ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਵਿੰਦਰ ਦੀ ਮੌਤ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਸਹਾਇਤਾ ਲਈ ਸਰਕਾਰ ਵੱਲੋਂ ਨਹੀਂ ਆਇਆ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਸਾਰਾ ਹੀਲਾ ਪਰਿਵਾਰ ਨੇ ਖ਼ੁਦ ਹੀ ਕੀਤਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਦੇਹ ਬੁੱਧਵਾਰ ਸਵੇਰੇ 1 ਵਜੇ ਮਨੀਲਾ ਤੋਂ ਪੰਜਾਬ ਲਿਆਂਦੀ ਜਾ ਰਹੀ ਹੈ ਅਤੇ ਉਸ ਦੇ ਜੱਦੀ ਪਿੰਡ ਚੱਕ ਜਾਨੀਸਰ ਦੇ ਵਿੱਚ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਮ੍ਰਿਤਕ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਉਸ ਦਾ ਭਤੀਜਾ ਲਗਦਾ ਹੈ ਅਤੇ ਉਹ ਸਾਲ ਵਿੱਚ ਇੱਕ-ਦੋ ਵਾਰੀ ਪਿੰਡ ਦਾ ਗੇੜਾ ਜ਼ਰੂਰ ਮਾਰਦਾ ਸੀ। ਕਈ ਵਾਰੀ ਉਹ ਸਪੈਸ਼ਲ ਪਿੰਡ ਦੇ ਨੌਜਵਾਨਾਂ ਦੇ ਕਹਿਣ 'ਤੇ ਵੀ ਪੁੱਜ ਜਾਂਦਾ ਸੀ। ਪਰਵਿੰਦਰ ਦੀ ਮੌਤ ਨਾਲ ਪਰਿਵਾਰ ਦੇ ਨਾਲ ਉਸ ਨੂੰ ਜਾਨਣ ਵਾਲਿਆਂ ਵਿੱਚ ਵੀ ਸੋਗ ਦੀ ਲਹਿਰ ਹੈ।