ਫਾਜ਼ਿਲਕਾ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ ਵਿੱਚ ਕਰਫਿਊ ਲਗਾਇਆ ਹੋਇਆ ਹੈ ਪਰ ਲੋਕ ਕਰਫਿਊ ਦੀ ਉਲੰਘਨਾ ਕਰਦੇ ਆਮ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਖੁੱਬਣ ਵਿੱਚ ਕੁੱਝ ਲੋਕ ਗਲੀ ਵਿੱਚ ਬੈਠੇ ਹੁੱਲੜਬਾਜੀ ਕਰ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਿਸ ਉੱਤੇ ਪਥਰਾਅ ਕਰ ਦਿੱਤਾ। ਇਸ ਪਥਰਾਅ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਥਾਣਾ ਬਹਾਵ ਵਾਲਾ ਦੇ ਅਧੀਨ ਆਉਂਦੀ ਚੌਂਕੀ ਸੀਤੋ ਗੁੰਨੋ ਪੁਲਿਸ ਨੇ ਹੁੱਲੜਬਾਜੀ ਕਰਣ ਵਾਲੇ 25 ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿਚੋਂ ਪੁਲਿਸ ਪਾਰਟੀ ਉੱਤੇ ਪਥਰਾਅ ਕਰਨ ਵਾਲੀਆ ਕੁੱਝ ਔਰਤਾਂ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਸੀਤੋ ਗੁੰਨੋ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਦੇ ਜਵਾਨ ਪਿੰਡ ਖੁੱਬਨ ਵਿੱਚ ਕਰਫਿਊ ਦੇ ਦੌਰਾਨ ਹੁੱਲੜਬਾਜੀ ਕਰ ਰਹੇ ਲੋਕਾਂ ਨੂੰ ਸਮਝਾਉਣ ਲਈ ਗਏ ਸਨ ਪਰ ਉੱਥੇ ਔਰਤਾਂ ਸਮੇਤ ਕਈ ਲੋਕਾਂ ਨੇ ਪੁਲਿਸ ਪਾਰਟੀ ਉੱਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਟੀਮ ਵਿੱਚ ਕੁੱਝ ਮਹਿਲਾ ਪੁਲਿਸ ਕਰਮੀ ਵੀ ਸ਼ਾਮਲ ਸਨ ਜਿਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਉਥੋਂ ਵਾਪਸ ਆ ਗਈ ਅਤੇ ਦੁਬਾਰਾ ਜਾ ਕੇ ਪੁਲਿਸ ਉੱਤੇ ਹਮਲਾ ਕਰਨ ਵਾਲੀਆ ਔਰਤਾਂ ਸਮੇਤ ਪੰਜ-ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁੱਲ 25 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।