ਫ਼ਾਜ਼ਿਲਕਾ: ਜ਼ਿਲ੍ਹੇ ਦੇ ਕਾਹਨੇ ਵਾਲਾ ਪਿੰਡ ਵਿੱਚ ਅੱਜ ਸਵੇਰੇ ਇੱਕ 22 ਸਾਲ ਦੇ ਨੌਜਵਾਨ ਕੇਵਲ ਸਿੰਘ ਪੁੱਤਰ ਭਜਨ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮੱਧ ਪ੍ਰਦੇਸ਼ ਵਿੱਚ ਕੰਬਾਈਨ ਦੇ ਨਾਲ ਹੈਲਪਰ ਦੇ ਤੌਰ ਉੱਤੇ ਗਿਆ ਸੀ, ਜਿਸ ਦੀ ਦੇਹ ਨੂੰ ਪੋਸਟਮਾਰਟਮ ਲਈ ਫ਼ਾਜ਼ਿਲਕਾ ਸਿਵਲ ਹਸਪਤਾਲ ਲਿਆਂਦਾ ਗਿਆ l
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਕੁੱਝ ਦਿਨਾਂ ਤੋ ਮੱਧ ਪ੍ਰਦੇਸ਼ ਵਿੱਚ ਕੰਬਾਈਨ ਦੇ ਨਾਲ ਸਾਥੀ ਚਾਲਕ ਦੇ ਤੌਰ ਉੱਤੇ ਗਿਆ ਸੀ ਜਿਸ ਦਾ ਕੱਲ ਆਉਂਦੇ ਸਮੇਂ ਮੈਡੀਕਲ ਟੀਮ ਨੇ ਪੂਰਾ ਚੈੱਕਅੱਪ ਕੀਤਾ। ਇਸ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨਹੀਂ ਪਾਈ ਗਈ ਅਤੇ ਰਾਤ ਨੂੰ ਖਾਣਾ ਖਾ ਕੇ ਸੁੱਤਾ ਸੀ ਪਰ ਸਵੇਰੇ ਉਹ ਮ੍ਰਿਤਕ ਪਾਇਆ ਗਿਆ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫ਼ਾਜ਼ਿਲਕਾ ਦੇ ਪਿੰਡ ਕਾਹਨੇ ਵਾਲਾ ਵਿੱਚ ਕੇਵਲ ਸਿੰਘ ਪੁੱਤਰ ਭਜਨ ਸਿੰਘ ਦੀ ਮੌਤ ਹੋਈ ਹੈ। ਫ਼ਾਜ਼ਿਲਕਾ ਦੇ ਸੀ.ਐੱਮ.ਓ ਸੁਰਿੰਦਰ ਸਿੰਘ ਨੇ ਦੱਸਿਆ ਕਿ 22 ਸਾਲ ਦਾ ਨੌਜਵਾਨ ਕੇਵਲ ਸਿੰਘ ਜੋ ਬਿਲਕੁਲ ਤੰਦੁਰੁਸਤ ਸੀ। ਸਾਡੀ ਟੀਮ ਨੇ ਇਸ ਦੀ ਪੂਰੀ ਮੈਡੀਕਲ ਜਾਂਚ ਕੀਤੀ ਸੀ ਜਿਸ ਵਿੱਚ ਕੋਰੋਨਾ ਵਾਇਰਸ ਦੇ ਕੋਈ ਵੀ ਲੱਛਣ ਨਹੀਂ ਪਾਏ ਗਏ ਸਨ। ਪਰਿਵਾਰ ਮੁਤਾਬਕ ਇਹ ਕੋਈ ਨਸ਼ਾ ਆਦਿ ਲੈਂਦਾ ਸੀ ਜਿਸ ਕਾਰਨ ਇਸ ਦੀ ਮੌਤ ਹੋਈ ਹੈ। ਹੁਣ ਇਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ l
ਪੁਲਿਸ ਵਾਲਿਆਂ ਨੇ ਦੱਸਿਆ ਕਿ ਘਰ ਵਾਲਿਆਂ ਮੁਤਾਬਕ ਉਹ ਮੱਧ ਪ੍ਰਦੇਸ ਵਿਖੇ ਕੰਬਾਈਨ ਲੈ ਕੇ ਗਿਆ ਸੀ, ਜਿਸ ਦੀ ਰਾਜਸਥਾਨ ਤੋਂ ਪੰਜਾਬ ਆਉਂਦੇ ਸਮੇਂ ਮੈਡੀਕਲ ਟੀਮਾਂ ਵੱਲੋਂ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ। ਇੱਥੋਂ ਤੱਕ ਕਿ ਘਰ ਆਉਣ ਸਮੇਂ ਵੀ ਮੈਡੀਕਲ ਟੀਮ ਨੇ ਉਸ ਦੀ ਜਾਂਚ ਕੀਤੀ, ਪਰ ਇਸ ਚੈਕਅੱਪ ਦੌਰਾਨ ਉਸ ਦੇ ਵਿੱਚ ਕੋਰੋਨਾ ਦੇ ਕੋਈ ਵੀ ਲੱਛਣ ਨਹੀਂ ਪਾਏ ਗਏ।