ਫ਼ਾਜ਼ਿਲਕਾ: ਫ਼ਿਰੋਜ਼ਪੁਰ-ਫ਼ਾਜ਼ਿਲਕਾ ਨੈਸ਼ਨਲ ਹਾਈਵੇਅ ਉੱਤੇ ਪੁਲਿਸ ਵੱਲੋਂ ਮਾਸਕ ਨਾ ਪਾਉਣ ਉੱਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ।
ਪੀੜਿਤ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਪਿੰਡ ਤਰਿਪਾਲ ਕੇ ਦੇ ਮੌਜੂਦਾ ਸਰਪੰਚ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਖੇਤ ਵੱਲ ਜਾ ਰਹੇ ਸਨ ਕਿ ਰਸਤੇ ਵਿੱਚ ਟੋਲ ਪਲਾਜ਼ਾ ਦੇ ਕੋਲ ਨਾਕੇ ਉੱਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਗੱਡੀ ਦੀ ਤਲਾਸ਼ੀ ਲਈ ਗਈ।
ਪਰ ਬਾਅਦ ਵਿੱਚ ਐੱਸ.ਐੱਚ.ਓ ਨੇ ਉਨ੍ਹਾਂ ਨੂੰ ਮਾਸਕ ਨਾ ਪਹਿਨਣ ਉੱਤੇ ਦਬਕੇ ਮਾਰੇ ਅਤੇ ਸਰਪੰਚ ਨੂੰ ਗੱਡੀ ਤੋਂ ਬਾਹਰ ਆਉਣ ਦੇ ਲਈ ਕਿਹਾ ਤੇ ਬਾਹਰ ਆਉਂਦੇ ਸਾਰ ਹੀ ਉਸ ਦੇ ਮੂੰਹ ਉੱਤੇ ਚਪੇੜ ਮਾਰੀ। ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਵਿਰੋਧ ਕਰਨ ਉੱਤੇ ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਪੀੜਤਾਂ ਦੀ ਮੰਗ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ। ਉੱਥੇ ਹੀ ਇਸ ਘਟਨਾ ਦੇ ਮੌਕੇ ਉੱਤੇ ਤਾਇਨਾਤ ਐੱਸ.ਐੱਚ.ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਾਕਾਬੰਦੀ ਦੌਰਾਨ ਗੱਡੀ ਨੂੰ ਰੋਕਿਆ ਗਿਆ ਸੀ ਅਤੇ ਕਾਰ ਸਵਾਰਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਜਿਵੇਂ ਹੀ ਉਨ੍ਹਾਂ ਨੂੰ ਮਾਸਕ ਪਾਉਣ ਦੇ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਉਲਟਾ ਸਾਡੇ ਉੱਤੇ ਹੀ ਹਮਲਾ ਕਰ ਦਿੱਤਾ।