ਫ਼ਾਜ਼ਿਲਕਾ: ਬਹੁ-ਚਰਚਿਤ ਭੀਮ ਟਾਂਕ ਕਤਲ ਕਾਂਡ ਵਿੱਚ ਮੁੱਖ ਦੋਸ਼ੀ ਸਿਵ ਲਾਲ ਡੋਡਾ, ਉਸ ਦੇ ਭਤੀਜੇ ਅਮਿਤ ਲਾਲ ਡੋਡਾ ਅਤੇ ਹੋਰ 24 ਲੋਕਾਂ ਨੂੰ ਜ਼ਿਲ੍ਹਾ ਸੈਸ਼ਨ ਅਦਾਲਨ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇੱਕ ਮੁਲਜ਼ਮ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਲਗਭਗ 4 ਸਾਲ ਪਹਿਲਾਂ ਅਬੋਹਰ ਵਿੱਚ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਫ਼ਾਰਮ ਹਾਊਸ ਵਿੱਚ 2 ਨੌਜਵਾਨਾਂ ਭੀਮ ਅਤੇ ਗੁਰਜੰਟ ਸਿੰਘ ਜੰਟਾ ਦੇ ਹੱਥ ਪੈਰ ਕੱਟ ਦਿੱਤੇ ਸੀ। ਇਸ ਤੋਂ ਬਾਅਦ ਭੀਮ ਟਾਂਕ ਦੀ ਮੌਤ ਹੋ ਗਈ ਸੀ।
ਇਸ ਕਤਲ ਕਾਂਡ ਵਿੱਚ ਸ਼ਿਵ ਲਾਲ ਡੋਡਾ ਨੂੰ ਮੁੱਖ ਦੋਸ਼ੀ ਮੰਨਿਆ ਗਿਆ ਸੀ ਜਿਸ ਦੇ ਅਕਾਲੀ ਨੇਤਾਵਾਂ ਨਾਲ ਨੇੜਤਾਂ ਵਾਲੇ ਸਬੰਧ ਸਨ। ਉਸ ਵੇਲੇ ਦੂਜੀਆਂ ਪਾਰਟੀਆਂ ਨੇ ਇਲਜ਼ਾਮ ਲਾਇਆ ਸੀ ਕਿ ਅਕਾਲੀਆਂ ਦੇ ਸ਼ੈਅ 'ਤੇ ਹੀ ਇਹ ਕਤਲ ਹੋਇਆ ਹੈ ਹਾਲਾਂਕਿ ਅਕਾਲੀਆਂ ਨੇ ਇਸ ਤੋਂ ਹਮੇਸ਼ਾ ਕਿਨਾਰਾ ਕੀਤਾ ਸੀ।
ਇਹ ਮਾਮਲਾ ਫ਼ਾਜ਼ਿਲਕਾ ਦੇ ਅਡੀਸ਼ਨਲ ਜੱਜ ਜਸਪਾਲ ਸਿੰਘ ਦੀ ਅਦਾਲਤ 'ਚ ਚੱਲ ਰਿਹਾ ਸੀ ਜਿਸ ਵਿੱਚ 26 ਮੁਲਜ਼ਮ ਸ਼ਾਮਲ ਸਨ। ਇਨ੍ਹਾਂ ਵਿੱਚੋਂ ਵੀਰਵਾਰ ਨੂੰ 25 ਨੂੰ ਸਜ਼ਾ ਦਾ ਫ਼ੈਸਲਾ ਸੁਣਾ ਦਿੱਤਾ ਅਤੇ ਇੱਕ ਨੂੰ ਬਰੀ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਸ਼ਿਵ ਲਾਲ ਡੋਡਾ ਅਤੇ ਅਮਿਤ ਲਾਲ ਡੋਡਾ ਨੇ ਜ਼ਮਾਨਤ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸੁਪਰੀਮ ਕੋਰਟ ਵਿੱਚ ਕਈ ਵਾਰ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਸੀ ਪਰ ਹਰ ਵਾਰ ਉਨ੍ਹਾਂ ਦੀ ਪਟੀਸ਼ਨ ਨੂੰ ਖ਼ਾਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਫ਼ਾਜ਼ਿਲਕਾ ਕੋਰਟ ਨੇ ਇਸ ਮਾਮਲੇ ਨੂੰ ਅਗਸਤ ਤੱਕ ਨਿਪਟਾਉਣ ਦਾ ਆਦੇਸ਼ ਦਿੱਤਾ ਸੀ ਜਿਸ 'ਤੇ ਅੱਜ ਫ਼ੈਸਲਾ ਸੁਣਾਉਂਦਿਆਂ ਜ਼ਿਲ੍ਹਾ ਸੈਸ਼ਨ ਅਦਾਲਤ ਨੇ 24 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।