ਫ਼ਾਜ਼ਿਲਕਾ : ਫ਼ਾਜ਼ਿਲਕਾ ਪੁਲਿਸ ਨੇ ਪਾਕਿਸਤਾਨ ਤੋਂ ਮੰਗਵਾਈ 6 ਕਿਲੋ ਹੈਰੋਈਨ ਸਮੇਤ 3 ਸਕੇ ਭਰਾਵਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨ ਭਰਾਂ ਵਿੱਚੋਂ 2 ਭਾਰਤੀ ਫੌਜ ਵਿੱਚ ਹਨ।
ਫ਼ਾਜ਼ਿਲਕਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਨੇ ਹੈਰੋਇਨ ਸਮੇਤ ਜਿਨ੍ਹਾਂ ਨੂੰ ਕਾਬੂ ਕੀਤਾ ਉਨ੍ਹਾਂ ਦਾ ਨਾਂਅ ਧਵਨ ਸਿੰਘ, ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਹੈ। ਸਤਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਦੋਵੇਂ ਭਰਾ ਭਾਰਤੀ ਫੌਜ ਵਿੱਚ ਤੈਨਾਤ ਹਨ ਅਤੇ ਛੁੱਟੀ ਉੱਤੇ ਆਪਣੇ ਘਰ ਆਏ ਹੋਏ ਸੀ। ਉਨ੍ਹਾਂ ਕਿਹਾ ਕਿ ਧਵਨ ਸਿੰਘ ਆਪਣੇ ਦੋਵੇਂ ਭਰਾਵਾਂ ਤੋਂ ਛੋਟਾ ਅਤੇ ਉਸ ਦਾ ਹੀ ਪਾਕਿਸਤਾਨ ਦੇ ਡੋਗਰ ਨਾਂਅ ਦੇ ਤਸਕਰ ਨਾਲ ਸਬੰਧ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਤਿੰਨਾਂ ਉੱਤੇ ਐਨਡੀਪੀਸੀ ਐਕਟ ਦੇ ਤਹਿਤ ਮੁੱਕਦਮਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਭਰਾਵਾਂ ਕੋਲ ਹੈਰੋਈਨ ਹੈ ਜਿਸ ਦੇ ਆਧਾਰ ਉੱਤੇ ਪੁਲਿਸ ਨੇ ਉਨ੍ਹਾਂ ਉੱਤੇ ਛਾਪਾ ਮਾਰਿਆ। ਇਸ ਛਾਪੇ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ 1 ਕਿਲੋ ਹੈਰੋਈਨ ਬਰਾਮਦ ਹੋਈ। ਇਸ ਮਾਮਲੇ ਦੀ ਤਫਤੀਸ਼ ਦੌਰਾਨ ਸੀਆਈਏ ਸਟਾਫ ਦੀ ਟੀਮ ਨੇ ਬੀਐਸਐਫ ਦੀ ਟੀਮ ਨਾਲ ਮਿਲ ਕੇ ਤਾਰੋਂ ਪਾਰ 5 ਕਿਲੋ ਹੈਰੋਈਨ ਬਰਾਮਦ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਤੱਕ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਧਵਨ ਹੀ ਤਸਕਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਧਵਨ ਉੱਥੋਂ ਹੈਰੋਈਨ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਕੰਮ ਕਰਦਾ ਹੈ।
ਭਾਰਤੀ ਫੌਜ ਵਿੱਚ ਤੈਨਾਤ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦਾ ਇਸ ਤਸਕਰੀ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੱਥ ਨਹੀਂ ਹੈ। ਇਸ ਦੇ ਨਾਲ ਹੀ ਧਵਨ ਨੇ ਵੀ ਕਿਹਾ ਕਿ ਉਸ ਦੇ ਭਰਾ ਬੇਕਸੂਰ ਹਨ।