ਫ਼ਾਜ਼ਿਲਕਾ: ਜਲਾਲਾਬਾਦ ਸਬ ਡਵੀਜ਼ਨ ਦੇ ਪਿੰਡ ਘੁਬਾਇਆ ਵਿਖੇ ਦੇਰ ਰਾਤ ਨਹਿਰ ਵਿੱਚ 20 ਫੁੱਟ ਲੰਮਾ ਪਾੜ ਪੈਣ ਦੇ ਨਾਲ ਸੈਂਕੜੇ ਏਕੜ ਫਸਲ ਖਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੰਨਾਂ ਹੀ ਨਹੀਂ ਪਾੜ ਪੈਣ ਦੇ ਨਾਲ ਨਜ਼ਦੀਕ ਲੋਕਾਂ ਦੇ ਘਰਾਂ ਵਿੱਚ ਵੀ ਦਰਾਰਾਂ ਆ ਗਈਆਂ ਹਨ। ਇਸ ਦੇ ਨਾਲ ਹੀ ਕਈ ਮਕਾਨ ਡਿੱਗਣ ਦੇ ਕਿਨਾਰੇ 'ਤੇ ਹਨ ਤੇ ਲੋਕ ਆਪਣਾ ਘਰ ਖਾਲੀ ਕਰਕੇ ਬਾਹਰ ਖੁੱਲ੍ਹੇ ਅਸਮਾਨ ਹੇਠਾਂ ਰਹਿਣ ਲਈ ਮਜ਼ਬੂਰ ਹਨ।
ਮਿਲੀ ਜਾਣਕਾਰੀ ਅਨੁਸਾਰ ਲਾਧੂਕਾ ਮਾਈਨਰ ਜੋ ਕਿ ਘੁਬਾਇਆ ਪਿੰਡ ਵਿੱਚੋਂ ਹੋ ਕੇ ਗੁਜ਼ਰਦੀ ਹੈ, ਉਸ ਦੇ ਵਿੱਚ ਦੇਰ ਰਾਤ 20 ਫੁੱਟ ਲੰਮਾ ਪਾੜ ਪੈ ਗਿਆ ਜਿਸ ਨੂੰ ਕਿ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਵੱਡੀ ਗੱਲ ਇਹ ਹੈ ਕਿ ਪਾਣੀ ਸਾਰੀ ਰਾਤ ਪਿੰਡ ਦੇ ਵਿੱਚ ਦਾਖ਼ਲ ਹੁੰਦਾ ਰਿਹਾ ਤੇ ਅਗਲੇ ਦਿਨ ਦੁਪਹਿਰ 2 ਵਜੇ ਤੱਕ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਨਹੀਂ ਲਿਆ ਅਤੇ ਨਾ ਹੀ ਨਹਿਰ ਦੇ ਪਾਣੀ ਨੂੰ ਬੰਦ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦੇ ਪਿੰਡ ਵਾਸੀਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ੇਰ ਸਿੰਘ ਘੁਬਾਇਆ ਜੋ ਕਿ ਸਾਬਕਾ ਵਿਧਾਇਕ ਹਨ। ਦਵਿੰਦਰ ਘੁਬਾਇਆ ਜੋ ਕਿ ਵਿਧਾਇਕ ਹਨ, ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਜਦੋਂ ਉਨ੍ਹਾਂ ਨੇ ਵਿਧਾਇਕ ਘੁਬਾਇਆ ਨੂੰ ਰਸਤੇ ਵਿੱਚ ਰੋਕ ਕੇ ਦੱਸਿਆ ਕਿ ਬੀਤੀ ਰਾਤ ਤੋਂ ਪਾਣੀ ਦੀ ਵਜ੍ਹਾ ਕਾਰਨ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤਾਂ ਘੁਬਾਇਆ ਸਾਹਬ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਇਹ ਕੁਦਰਤ ਦੀ ਮਾਰ ਹੈ ਇਸ ਦਾ ਕੋਈ ਕੀ ਕਰ ਸਕਦਾ ਹੈ।