ਫ਼ਤਿਹਗੜ੍ਹ ਸਾਹਿਬ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲੌਕਡਾਊਨ ਚੱਲ ਰਿਹਾ ਹੈ ਜਿਸ ਕਾਰਨ ਸਾਰੇ ਕੰਮਕਾਰ ਠੱਪ ਪਏ ਹਨ। ਇਸ ਦੌਰਾਨ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਨ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਧਨ ਯੋਜਨਾ ਦੇ ਤਹਿਤ ਹਰ ਇੱਕ ਖਾਤੇ ਵਿੱਚ ਪੰਜ ਸੌ ਰੁਪਏ ਭੇਜੇ ਗਏ ਹਨ ਤਾਂ ਜੋ ਲੋਕ ਇਸ ਨਾਲ ਆਪਣੀ ਜ਼ਰੂਰਤ ਦਾ ਸਮਾਨ ਲੈ ਸਕਣ।
ਜਨਧਨ ਯੋਜਨਾ ਦੇ ਤਹਿਤ 500 ਰੁਪਏ ਮਿਲਣ 'ਤੇ ਲੋਕ ਬੈਂਕਾਂ ਤੋਂ ਪੈਸੇ ਕਢਵਾਕੇ ਇਸ ਦਾ ਲਾਭ ਲੈ ਰਹੇ ਹਨ ਅਤੇ ਆਪਣੀ ਜ਼ਰੂਰਤ ਦਾ ਸਾਮਾਨ ਖ਼ਰੀਦ ਰਹੇ ਹਨ। ਕੋਰੋਨਾ ਵਾਇਰਸ ਦੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਨ ਧਨ ਯੋਜਨਾ ਤਹਿਤ ਆਏ ਪੇਸੈ ਲੋਕਾਂ ਲਈ ਸਹਾਇਕ ਸਾਬਤ ਹੋ ਰਹੇ ਹਨ।
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਵੀ ਲੋਕਾਂ ਨੂੰ ਜਨ ਧਨ ਖਾਤਿਆਂ ਵਿੱਚ 500 ਰੁਪਏ ਦਾ ਲਾਭ ਮਿਲ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਜਨ ਧਨ ਯੋਜਨਾ ਦੇ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਆ ਗਏ ਹਨ। ਲੋਕਾਂ ਨੇ ਇਸ ਲਈ ਮੋਦੀ ਸਰਕਾਰ ਦਾ ਧੰਨਵਾਦ ਵੀ ਕੀਤਾ ਪਰ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ 500 ਦੀ ਜਗ੍ਹਾ ਇਸ ਨੂੰ ਹੋਰ ਵਧਾਇਆ ਜਾਵੇ ਕਿਉਂਕਿ ਇਸ ਮਹਿੰਗਾਈ ਦੇ ਦੌਰ 'ਚ ਮਹਿਜ਼ 500 ਰੁਪਏ ਨਾਲ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਲ ਹੈ।
ਇਸ ਮੌਕੇ ਲੋਕਾਂ ਨੇ ਕਿਹਾ ਕਿ ਬੈਂਕਾਂ ਵਿੱਚ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰ ਸੈਨੇਟਾਈਜ਼ ਕਰਕੇ ਹੀ ਬੈਂਕ ਦੇ ਅੰਦਰ ਦਾਖਲ ਹੋਣ ਦਿੱਤਾ ਜਾਂਦਾ ਹੈ ਅਤੇ ਬੈਂਕ ਦੇ ਬਾਹਰ ਟੈਂਟ ਲਗਾ ਕੇ ਕੁਰਸੀਆਂ ਲਗਾਈਆਂ ਗਈਆਂ ਹਨ ਅਤੇ ਦੂਰੀ ਤੇ ਬਿਠਾਇਆ ਜਾਂਦਾ ਹੈ।
ਇਸ ਮੌਕੇ ਬੈਂਕ ਮੈਨੇਜਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਸੈਨੇਟਾਇਜ਼ਰ ਕਰਕੇ ਹੀ ਅੰਦਰ ਆਉਣ ਦਿੱਤਾ ਜਾਂਦਾ ਹੈ ਅਤੇ ਲੋਕਾਂ ਨੂੰ ਬਾਹਰ ਦੂਰੀ 'ਤੇ ਖੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮ ਵੀ ਮਾਸਕ ਅਤੇ ਗਲਬਜ਼ ਪਾ ਕੇ ਕੰਮ ਕਰਦੇ ਹਨ ਅਤੇ ਕਿਸੇ ਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ ਇਸ ਲਈ ਕਾਊਂਟਰ ਬਣਾਏ ਗਏ ਹਨ । ਇਸ ਸਮੇਂ ਦੇ ਵਿੱਚ ਉਨ੍ਹਾਂ ਦੇ ਕੋਲ ਜਨ ਧਨ ਯੋਜਨਾ ਦੇ ਲਾਭਪਾਤਰੀ ਵੱਧ ਆ ਰਹੇ ਹਨ।