ਫਤਿਹਗੜ੍ਹ ਸਾਹਿਬ: ਜ਼ਿਲ੍ਹੇ 'ਚ ਕਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਦੇ ਸਿਹਤ ਵਿਭਾਗ ਨੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾਕਟਰ ਐਨ.ਕੇ.ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਸ਼ੱਕੀ ਮਰੀਜ਼ ਹਨ।
ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਨਿਊਜ਼ੀਲੈਂਡ ਤੋਂ ਆਇਆ ਹੈ, ਜੋ ਕੇ ਬਾਇਆ ਸਿੰਗਾਪੁਰ ਹੁੰਦੇ ਹੋਏ ਭਾਰਤ ਪਹੁੰਚਿਆ ਹੈ। ਜਿਸ ਨੂੰ ਆਈਸੋਲੇਸ਼ਨ ਵਾਰਡ 'ਚ ਰੱਖ ਕੇ ਉਸ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ।
ਇਸੇ ਤਰ੍ਹਾਂ ਹੀ ਦੂਜਾ ਕੇਸ ਮੱਲੋਵਾਲ ਤੋਂ ਆਇਆ ਹੈ, ਜਿਸ ਦੇ ਲੱਛਣ ਕੋਰੋਨਾ ਵਾਇਰਸ ਵਾਲੇ ਸੀ ਉਸ ਦੇ ਵੀ ਸੈਂਪਲ ਲੈ ਕੇ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਨਾਲ ਨਜਿੱਠਣ ਲਈ ਜ਼ਿਲ੍ਹੇ ਅੰਦਰ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਪੈਂਦੇ ਹਸਪਤਾਲਾਂ ਵਿੱਚ ਕੋਰੋਨਾ ਦੇ ਸ਼ੱਕੀ ਮਰੀਜਾਂ ਨੂੰ ਦਾਖ਼ਲ ਕਰਨ ਲਈ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਬਜਾਏ ਵਿਭਾਗ ਅਤੇ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਦਿੱਤੀਆਂ ਜਾ ਰਹੀਆਂ ਜਰੂਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਘਰ-ਘਰ ਜਾ ਕੇ ਜਾਗਰੂਕ ਕਰਨ ਵਾਲੀਆਂ ਟੀਮਾਂ ਦੀ ਸੁਪਰਵੀਜਨ ਕਰਨ ਲਈ ਜ਼ਿਲ੍ਹਾ ਪੱਧਰ ਤੋਂ 5 ਨਿਗਰਾਨੀ ਟੀਮਾਂ ਵੀ ਬਣਾਈਆਂ ਗਈਆਂ ਹਨ ।